ਘੜੀ ਨੂੰ ਠੀਕ ਚਲਦੀ ਦੇਖ ਕੇ ਹੈ ਇੰਜ ਖ਼ੁਸ਼ ਹੁੰਦਾ
ਜਿਵੇਂ ਇਸ ਵਕਤ ਨੂੰ ਵੀ ਆਪਣੇ ਵੱਸ ਕਰ ਲਿਆ ਹੋਵੇ
ਬਰੇਤੀ ਤੋਂ ਚੁਗੇ ਘੋਗੇ ਸਜਾ ਰੱਖੇ ਅੰਗੀਠੀ ਤੇ ਸਮਝਦਾ ਹੈ
ਜਿਵੇਂ ਕਈ ਵਾਰ ਸਾਗਰ ਤਰ ਲਿਆ ਹੋਵੇ।
ਕੋਈ ਇਸ ਨੂੰ ਜੇ ਦੱਸ ਦੇਵੇ ਕਿ ਲੜ ਢਿੱਲਾ ਹੈ ਪਗੜੀ ਦਾ
ਤਾਂ ਆਪਣਾ ਪਾਜ ਸਾਰਾ ਜਾਪਦਾ ਹੈ ਖੁਲ੍ਹਿਆ ਇਸ ਨੂੰ
ਕਿਸੇ ਜੇ ਫ਼ਿਲਮ ਦੇ ਨਾਇਕ ਦਾ ਆਵੇ ਨਾਮ ਨਾ ਚੇਤੇ
ਹੈ ਘਾਬਰਦਾ ਜਿਵੇਂ ਕਿ ਨਾਮ ਆਪਣਾ ਭੁੱਲਿਆ ਇਸਨੂੰ।
ਲਿਖੇ ਮਾਸ਼ੂਕ ਨੂੰ ਚਿੱਠੀ ਉਤਾਰਾ ਕੋਲ ਰੱਖਦਾ ਹੈ
ਪਏ ਮੁਸ਼ਕਲ ਨਾ ਲੇਖਕ ਨੂੰ ਇਹਦਾ ਜੀਵਨ ਲਿਖਣ ਵੇਲੇ
ਆਏ ਕੰਮ ਛੱਡ ਕੇ ਲੋਕੀਂ ਮੁੜਨ ਮਾਯੂਸ ਹੋ ਕੇ ਨਾ
ਇਹ ਤਾਹੀਉਂ ਟੌਹਰ ਕੱਢ ਕੇ ਵਕਤ ਸਿਰ ਜਾਂਦਾ ਏ ਹਰ ਮੇਲੇ।
ਇਹ ਸੀ ਓਡੀਸੀਅਸ ਇਸਨੂੰ ਮਿਲੀ ਨਾ ਪਰ ਮੁਹਿੰਮ ਕੋਈ
ਇਹ ਯੋਧਾ ਪੌਣ-ਚੱਕੀਆਂ ਨਾਲ ਹੀ ਹੁਣ ਲੜਨ ਜਾਂਦਾ ਹੈ
ਹੈ ਇਸ ਦੀ ਜੂਨ ਵਿਚੋਂ ਬੁਝ ਗਿਆ ਵਿਸ਼ਵਾਸ ਦਾ ਦੀਵਾ
ਇਹ ਰਾਤੀਂ ਰੋਜ਼ ਨ੍ਹੇਰੇ ਵਿਚ ਟਟਹਿਣੇ ਫੜਨ ਜਾਂਦਾ ਹੈ।