ਫੁੱਲਾਂ ਵਾਲਾ ਪਾਣੀ

ਤੇਰਾ ਸਾਥ

ਜਿਵੇਂ ਕੱਚੀ ਕੰਧ ਤੋਂ ਕੋਈ

ਚਿੱਟਾ ਕੁੱਕੜ ਉੱਡਿਆ ਹੋਵੇ

ਜਿਵੇਂ ਕਰੀਰ ਦੀਆਂ ਝਿੰਗਾਂ 'ਤੇ

ਸੇਵੀਆਂ ਸੁੱਕਣੀਆਂ ਪਾਈਆਂ ਹੋਣ।

ਜਿਵੇਂ ਫੁੱਲਾਂ ਵਾਲੇ ਪਾਣੀ 'ਚ

ਸੁਪਨਿਆਂ ਵਰਗੀਆਂ ਬੱਤਖਾਂ

ਤਰਦੀਆਂ ਹੋਣ

ਜਿਵੇਂ ਛਟੀਆਂ ਦੀ ਅੱਗ 'ਤੇ

ਛੋਲਿਆਂ ਦੀਆਂ ਟਾਟਾਂ ਭੁੱਜ ਰਹੀਆਂ ਹੋਣ

ਜਿਵੇਂ ਕਿਸੇ ਬੁੱਢੀ ਮਸੀਤ 'ਚ

ਤੋਤੇ ਅਤੇ ਕਬੂਤਰ ਖੇਡ ਰਹੇ ਹੋਣ।

ਜਿਵੇਂ ਸਿਆੜਾਂ 'ਚ ਪੰਛੀ ਉੱਤਰੇ ਹੋਣ

ਜਿਵੇਂ ਪੱਕਦੀਆਂ ਰੋਟੀਆਂ ਦੀ

ਮਹਿਕ ਉੱਡ ਰਹੀ ਹੋਵੇ

ਜਾਂ ਜਿਵੇਂ ਕਿਸੇ ਰਕਾਨ ਜਿਹੀ ਜੱਟੀ ਨੇ

ਥੋੜ੍ਹਾ ਜਿਹਾ ਸਿਰ ਹਿਲਾਇਆ ਹੋਵੇ ਤੇ

ਬਾਲੀਆਂ ਦੇ ਕੁੰਡਿਆਂ ਵਿੱਚ ਪਾਈਆਂ

ਪਿੱਪਲ-ਪੱਤੀਆਂ ਆਪਸ 'ਚ

ਹਲਕਾ-ਹਲਕਾ ਵੱਜ ਰਹੀਆਂ ਹੋਣ

ਤੇਰਾ ਸਾਥ ਬਿਆਨਣ ਲਈ ਜਿਵੇਂ

ਹਾਲੇ ਵੀ ਮਾੜੀ ਜਿਹੀ ਕੱਚ ਬਾਕੀ ਹੈ

ਸ਼ਾਹੀ ਸ਼ਬਦ, ਨਿਰਾਲੇ ਅੱਖਰ

ਸੰਦਲੀ ਸਤਰ, ਕਥਾਵਾਂ ਕਿੱਸੇ

ਅੱਜ ਫਿਰ ਮਾਰ ਖਾ ਗਏ

ਭਲਾਂ ਕੱਚੀ ਕੰਧ ਤੋਂ ਉੱਡੇ ਕੁੱਕੜ ਨੂੰ

ਕੋਈ ਭਾਸ਼ਾ 'ਚ ਕਿਵੇਂ ਬੰਨ੍ਹੇਂ ?

📝 ਸੋਧ ਲਈ ਭੇਜੋ