ਅੱਜ ਫੁੱਲ ਦੀ ਗੱਲ ਕਰਨ 'ਤੇ, ਜਾਂਦੇ ਨੇ ਦੁਰਕਾਰੇ ਲੋਕ।
ਇਕ ਦਿਨ ਐਸੀ ਰੁੱਤ ਆਏਗੀ, ਜਾਵਣਗੇ ਸਤਿਕਾਰੇ ਲੋਕ ।
ਕੀ ਹੋਇਆ ਬਦਨਾਮ ਹੋਈ ਜੇ, ਬਸਤੀ ਦੇ ਬਾਸ਼ਿੰਦੇ ਹਾਂ,
ਇਸ ਬਸਤੀ ਵਿਚ ਵਸਦੇ ਭੈੜੇ, ਹੋ ਨਹੀਂ ਸਕਦੇ ਸਾਰੇ ਲੋਕ ।
ਧਰਤੀ ਤੋਂ ਚੰਨ ਤੀਕਰ ਫੈਲੀ, ਸੰਘਰਸ਼ਾਂ ਦੀ ਸੁਰਖੀ ਹੈ,
ਕਦੇ ਨਹੀਂ ਘਬਰਾਏ, ਭਾਵੇਂ ਕਿੰਨੀ ਵਾਰੀ ਹਾਰੇ ਲੋਕ ।
ਧੁੱਪਾਂ ਵੰਡਦਾ ਜੇਕਰ ਕੋਈ, ਸੂਰਜ ਸੂਲੀ ਚੜ੍ਹ ਜਾਂਦੈ,
ਉਹਦੇ ਨਾ ਤੋਂ ਸੌ ਸੌ ਵਾਰੀ, ਜਾਂਦੇ ਨੇ ਬਲਿਹਾਰੇ ਲੋਕ ।
ਕਲ੍ਹ ਸੀ ਜਿਹੜੇ ਚੋਰ ਉਚੱਕੇ, ਮਹਿਫ਼ਲ ਦਾ ਸ਼ਿੰਗਾਰ ਬਣੇ,
ਅੱਜ ਵੀ ਫਿਰਦੇ ਅੱਗੇ ਅੱਗੇ, ਸਰਕਾਰੇ ਦਰਬਾਰੇ ਲੋਕ ।
ਅੰਬਰ ਉੱਤੇ ਲੱਖਾਂ ਭਾਵੇਂ, ਸੂਰਜ ਚੰਦ ਸਿਤਾਰੇ ਨੇ,
ਪਰ ਸਾਡੇ ਲਈ ਧਰਤੀ ਉੱਤੇ ਸੂਰਜ, ਚੰਦ, ਸਿਤਾਰੇ ਲੋਕ ।
ਗ਼ਜ਼ਲਾਂ ਰਾਹੀਂ ਸੱਚ ਪਕੜਨਾ, ਅੱਗ ਤੇ ਤੁਰਨ ਬਰਾਬਰ ਹੈ,
ਪਰ ਲਾਟਾਂ ਨੂੰ ਫੁੱਲ ਸਮਝਦੇ, ਗ਼ਜ਼ਲਾਂ ਦੇ ਵਣਜਾਰੇ ਲੋਕ ।