ਫੁੱਲ ਕਿਉਂ ਹੋਏ ਕੰਡੇ

ਕੇਹੇ ਦਿਲਾਂ ਵਿਚ ਅੜਚ ਪਏ ਨੇ ਤੇ ਕੇਹੀਆਂ ਪਈਆਂ ਗੰਢਾਂ

ਨੌਹਾਂ ਨਾਲੋਂ ਮਾਸ ਨਿਖੇੜਿਆ ਕਰ ਕਰ ਆਡੀਆਂ ਵੰਡਾਂ

ਖੈਰੀਂ ਮਿਹਰੀਂ ਵਸਦੇ ਰਸਦੇ ਪਤਾ ਨਹੀਂ ਕੀ ਵਰਤੀ

ਲਹੂਓ ਲਹੂ ਦਿਨਾਂ ਵਿਚ ਹੋ ਗਈ ਫੁੱਲਾਂ ਵਰਗੀ ਧਰਤੀ

ਭਾਈਆਂ ਨਾਲੋਂ ਭਾਈ ਓੜਕ ਵੱਖਰੇ ਹੁੰਦੇ ਆਏ

ਇਹ ਕੋਈ ਏਡੀ ਗੱਲ ਨਹੀਂ ਸੀ ਜਿਸ ਸਿਆਪੇ ਪਾਏ

ਇਕ ਤੌਣੀ ਤੇ ਜੇ ਸਦਾ ਮਾਂ ਜਾਏ ਰਲ ਬਹਿੰਦੇ

ਕਿਵੇਂ ਇਹ ਖੁੱਲ੍ਹੀ ਦੁਨੀਆਂ ਵਸਦੀ ਕਿਵੇਂ ਨਗਰ ਇਹ ਪੈਂਦੇ

ਬਾਂਦਰ ਸਾਣ ਪਨੀਰ ਵੰਡਾਵੇ ਜੋ ਲੱਭਾ ਸੀ ਲੱਭਾ

ਸੱਜਾ ਦੱਸ ਕੇ ਡਾਢਾ ਉਹਨਾਂ ਮਾਰਿਆ ਸਾਨੂੰ ਖੱਬਾ

ਅਜ ਗੁੜ ਲਾਣੇ ਵਾਲੇ ਹੋ ਗਏ ਗੁੜ ਲਾ ਕੇ ਇਕ ਪਾਸੇ

ਇਕਨਾਂ ਛਵੀਆਂ ਲੰਬ ਕਰਾਈਆਂ ਇਕਨਾ ਫੜੇ ਗੰਡਾਸੇ

ਸ਼ਾਹ ਫ਼ਰੀਦ ਹੋਰਾਂ ਦੇ ਵਰਗੇ ਜਿਸ ਧਰਤੀ ਤੇ ਵੱਸੇ

ਨਾਨਕ, ਸੰਤ ਕਬੀਰ ਨੇ ਜਿੱਥੇ ਰਾਹ ਮਿਲਾਪੜੇ ਦੱਸੇ

ਓਥੇ ਲੂਤੀ ਲਾਣ ਵਾਲਿਆਂ ਇੰਜ ਅਜ ਲੂਤੀ ਲਾਈ

ਤਾਣੇ ਪੇਟੇ ਵਾਲੀਆਂ ਤੰਦਾਂ ਤੂੰ ਤੂੰ ਨਵੀਂ ਸੁਣਾਈ

ਆਪਣੀ ਹੱਥੀਂ ਆਪਣੇ ਮੂੰਹ ਤੇ ਮਾਰਨ ਲੱਗ ਪਏ ਚੰਡਾਂ

ਭਾਈ ਭਾਈਆਂ ਨਾਲੋਂ ਰੁੱਸੇ ਨੰਗੀਆਂ ਹੋਈਆਂ ਕੰਡਾਂ

📝 ਸੋਧ ਲਈ ਭੇਜੋ