ਫੁੱਲ ਲਗਾਵਣ ਆਈ ਹਾਂ

ਮੈਂ ਵਰਜਿਤ ਤੇਰੇ ਬਾਗ਼ਾਂ ਵਿੱਚ,

 ਸੰਗ ਹਵਾ ਨੂੰ ਲੈ ਕੇ ਤੇ।

 ਸੁੱਕੇ ਪੱਤੇ ਚੁਗਣ ਬਹਾਨੇ,

 ਫੁੱਲ ਲਗਾਵਣ ਆਈ ਹਾਂ।

 ਮੈਂ ਉੱਡਦੇ ਜਾਂਦੇ ਪੰਛੀਆਂ ਨੂੰ,

 ਦਿੱਤੇ ਕੁਝ ਫਲ਼ ਖਾਣ ਲਈ।

 ਵਿੱਠੀਂ ਬੀਆਂ ਕੇਰਨ ਲਈ,

 ਮੋਹ ਪਾ ਉਡਾ ਲਿਆਈ ਹਾਂ।

 ਮੈਂ ਕਰੀ ਸਮੁੰਦਰਾਂ ਬੇਨਤੀ ਕਿ

 ਉੱਡ ਉਹ ਬੱਦਲ਼ ਬਣ ਜਾਵਣ।

 ਮੈਂ ਕਣੀਆਂ ਨੂੰ ਛਿੜਕਾਅ ਲਈ,

 ਸੱਦਾ ਦੇ ਕੇ ਆਈ ਹਾਂ।

 ਮੈਂ ਸੁੱਕੇ ਪੱਤੇ ਹਿੱਕ ਨੂੰ ਲਾ,

 ਗਲ਼ ਰੂੜੀ ਬਣ ਜਾਣ ਲਈ।

 ਬਹਾਰਾਂ ਬੀਜ ਉਗਾਉਣ ਵਾਸਤੇ,

 ਤਰਲੇ ਕੱਢ ਲਿਆਈ ਹਾਂ।

 ਹੁਣ ਤੇਰੇ ਸੁੱਕੇ ਬਾਗ਼ਾਂ ਨੇ,

 ਹਰੇ-ਭਰੇ ਫੇਰ ਹੋ ਜਾਣਾ।

 ਤੂੰ ਵੱਢੀ ਨਾ, ਤੂੰ ਕੱਟੀ ਨਾ,

 ਕਰਦੀ ਸਭ ਤੇਰੇ ਭਲੇ ਲਈ,

 ਮੈਂ ਧਰਤੀ ਸਭ ਦੀ ਮਾਈ ਹਾਂ।

📝 ਸੋਧ ਲਈ ਭੇਜੋ