ਫੁੱਲਾਂ ਦੇ ਰੰਗਾਂ ਨੂੰ ਗ਼ਜ਼ਲਾਂ

ਫੁੱਲਾਂ ਦੇ ਰੰਗਾਂ ਨੂੰ ਗ਼ਜ਼ਲਾਂ ਵਿੱਚ ਮਹਿਕਾਵੇਂ ਤਾਂ ਮੈਂ ਮੰਨਾਂ

‘ਸ਼ਬਦਾਂ ਦੇ ਸੁਰ ਪੰਛੀ’ ਗੀਤਾਂ ਵਿੱਚ ਲਹਿਰਾਵੇਂ ਤਾਂ ਮੈਂ ਮੰਨਾਂ।

ਵੇਖ ਸਵੇਰਾ, ਫੁੱਲ, ਬੂਟੇ, ਪੰਛੀ ਚਸ਼ਮੇ, ਨਦੀਆਂ ਜਾਗ ਪਏ

ਉਗਦਾ ਸੂਰਜ, ਆਲਸ ਮਾਰੇ, ਨੂੰ ਦਿਖਲਾਵੇਂ ਤਾਂ ਮੈਂ ਮੰਨਾਂ।

ਕਾਲੇ ਧਨ ਦੇ ਖੀਸੇ ਭਰਕੇ, ਝੂਠੀ ਦੌਲਤ ਕਿਸ ਕਾਰੀ ਦੀ

ਸੁੱਚੀ ਕਿਰਤ ਕਮਾਈ ਕਰਕੇ ਡੰਗ ਟਪਾਵੇਂ ਤਾਂ ਮੈਂ ਮੰਨਾਂ।

ਮਾਵਾਂ ਠੰਢੀਆਂ ਛਾਵਾਂ ਬੱਸ ਗੀਤਾਂ ਵਿੱਚ ਚੰਗਾ ਲਗਦਾ ਹੈ

ਮਾਂ ਵਾਂਗੂੰ ਗਿੱਲੇ ਬਿਸਤਰ ਵਿੱਚ ਰਾਤ ਬਿਤਾਵੇਂ ਤਾਂ ਮੈਂ ਮੰਨਾਂ।

ਸਿਰਫਿਰਿਆਂ ਦੀ ਬਸਤੀ ਅੰਦਰ ਹਰ ਕੋਈ ਰਾਂਝਾ ਮਜਨੂੰ ਹੈ

ਪਰਬਤ ਦੀ ਹਿੱਕ ਤੋੜ ਕਿ ਪਾਣੀ ਕੱਢ ਲਿਆਵੇਂ ਤਾਂ ਮੈਂ ਮੰਨਾਂ।

ਮੰਜ਼ਿਲ ਤੇ ਪਹੁੰਚਣ ਦੀ ਚਿੰਤਾ ਘੁਣ ਵਾਂਗੂੰ ਖਾਈ ਜਾਂਦੀ ਹੈ

ਸਫ਼ਰੀ ਹੈਂ ਤਾਂ ਸਫ਼ਰਾਂ ਦੇ ਵਿੱਚ ਮੌਜ ਮਨਾਵੇਂ ਤਾਂ ਮੈਂ ਮੰਨਾਂ।

ਨੀਵੇਂ ਰੁੱਖਾਂ ਨੂੰ ਹੀ ਮਿੱਠੇ ਫਲ ਲਗਦੇ ਹਨ ਇਹ ਜਾਣਦਿਆਂ

ਹਉਮੈਂ ਦਾ ਜਿੰਨ ਆਪਣੇ ਵਿੱਚੋਂ ਮਾਰ ਮੁਕਾਵੇਂ ਤਾਂ ਮੈਂ ਮੰਨਾਂ।

ਯਾਰਾਂ ਨਾਲ ਬਹਾਰਾਂ ਸੱਜਣਾ ਬੱਸ ਕਿਤਾਬੀ ਗੱਲਾਂ ਨੇ

ਦਿਲ ਦੇ ਰਾਂਝੇ ਤਾਈਂ ਆਪਣਾ ਮੀਤ ਬਣਾਵੇਂ ਤਾਂ ਮੈਂ ਮੰਨਾਂ।

 

ਖੁੱਲ੍ਹੇ ਨੈਣ ਪਯਾਲੇ ਜਦ ਤੱਕ ਦੁਨੀਆਂ ਰੰਗ ਬਰੰਗੀ ਯਾਰਾ

ਅੱਖਾਂ ਮੀਚ ਕੇ ਇੱਕ ਵੀ ਤਿਤਲੀ ਫੜ ਦਿਖਲਾਵੇਂ ਤਾਂ ਮੈਂ ਮੰਨਾਂ।

ਅੱਜ ਦੇ ਚਿੱਟੇ, ਭਗਵੇ, ਬਾਬੇ, ਸੰਤਾਂ, ਸਾਧਾਂ ਵਿੱਚੋਂ ‘ਉੱਪਲ’

ਸੂਫ਼ੀ ਬਾਬੇ ਬੁੱਲ੍ਹੇ ਵਾਲੀ ਝਲਕ ਵਖਾਵੇਂ ਤਾਂ ਮੈਂ ਮੰਨਾਂ।

📝 ਸੋਧ ਲਈ ਭੇਜੋ