ਫੁੱਲਾਂ ਦੀ ਮਹਿਕਾਰ ਨੂੰ ਵੇਚਣ ਲੱਗ ਪਏ ਨੇ ।
ਲੋਕ ਆਪਣੇ ਕਿਰਦਾਰ ਨੂੰ ਵੇਚਣ ਲੱਗ ਪਏ ਨੇ ।
ਸੁੱਖ, ਆਰਾਮ, ਖ਼ੁਸ਼ੀ ਸੀ ਜਿਸ ਦੇ ਸਾਏ ਵਿਚ,
ਲੋਕ ਓਸੇ ਦੀਵਾਰ ਨੂੰ ਵੇਚਣ ਲੱਗ ਪਏ ਨੇ ।
ਢਿੱਡ ਦੀ ਭੁੱਖ ਮਿਟਾਵਣ ਲਈ ਤਖ਼ਲੀਕੀ ਲੋਕ,
ਅੰਦਰ ਦੇ ਫ਼ਨਕਾਰ ਨੂੰ ਵੇਚਣ ਲੱਗ ਪਏ ਨੇ ।
ਵੇਲੇ ਸੰਗ ਟਕਰਾਣ ਦੇ ਸਾਰੇ ਦਾਅਵੇਦਾਰ,
ਵੇਲੇ ਹੱਥ ਮੁਹਾਰ ਨੂੰ ਵੇਚਣ ਲੱਗ ਪਏ ਨੇ ।
ਹਿਰਸ ਹਵਾ ਦਾ ਜਾਦੂ ਸਿਰ ਨੂੰ ਚੜ੍ਹਿਆ ਤੇ,
ਗ਼ਾਜ਼ੀ ਵੀ ਤਲਵਾਰ ਨੂੰ ਵੇਚਣ ਲੱਗ ਪਏ ਨੇ ।
ਏਸ ਸਮੇਂ ਦੀ ਪੱਕੀ ਠੱਕੀ ਇਹ ਪਹਿਚਾਣ,
ਰਾਖੇ ਈ ਗੁਲਜ਼ਾਰ ਨੂੰ ਵੇਚਣ ਲੱਗ ਪਏ ਨੇ ।
'ਸ਼ਾਹਿਦ' ਜੀ ਤਾਲੀਮ ਦੀ ਡਿਗਰੀ ਲੈ ਕੇ ਵੀ,
ਸੜਕਾਂ ਤੇ ਅਖ਼ਬਾਰ ਨੂੰ ਵੇਚਣ ਲੱਗ ਪਏ ਨੇ ।