ਫੁੱਲਾਂ ਨੂੰ ਜ਼ਖ਼ਮ ਆਖਦੈ

ਫੁੱਲਾਂ ਨੂੰ ਜ਼ਖ਼ਮ ਆਖਦੈ, 

ਅੱਖ ਨੂੰ ਪੱਥਰ ਲਿਖਦਾ ਹੈ।  

ਸ਼ਹਿਰ ਮੇਰੇ ਵਿਚ ਦੀਵਾਨਾ ਇਕ,

ਗ਼ਜ਼ਲਾਂ ਅਕਸਰ ਲਿਖਦਾ ਹੈ।

ਔੜਾਂ ਮਾਰੀ ਨਗਰੀ ਦੀ ਉਹ,

ਬਾਤ ਸੁਣਾਉਂਦੈ ਮੇਘਾਂ ਨੂੰ, 

ਬਾਗ ਬਗੀਚੇ ਝੁਲਸੇ ਗਏ,

ਸੂਰਜ ਨੂੰ ਪੱਤਰ ਲਿਖਦਾ ਹੈ।

ਉਸ ਨੂੰ ਹੈ ਇਕ ਭਰਮ ਜਿਹਾ ਕਿ,

ਸ਼ਹਿਰ ਨੇ ਕਿਧਰੇ ਤੁਰ ਜਾਣੈਂ। 

ਰੁੱਸੀਆਂ ਗਲੀਆਂ ਦੇ ਸਿਰਨਾਵੇਂ,

ਜਾ ਕੇ ਘਰ ਘਰ ਲਿਖਦਾ ਹੈ।

ਲੋਕੀ ਦੱਸਦੇ ਨੇ ਕਿ ਉਦੋਂ, 

ਨਦੀਆਂ ਵਿਚ ਹੜ੍ਹ ਆਉਂਦੇ ਨੇ, 

ਵਿਛੜ ਗਿਆਂ ਦੇ ਗੀਤ ਜਦੋਂ ਉਹ, 

ਅੱਖੀਆਂ ਭਰ ਭਰ ਲਿਖਦਾ ਹੈ

ਗਲੀਆਂ ਦੇ ਵਿਚ ਵੈਣ,

ਵਿਲਕਦੇ ਨੇ ਵਿਧਵਾ ਮੁਟਿਆਰਾਂ ਦੇ,

ਪਰ ਉਹ ਖ਼ਬਤੀ ਹੁਣ ਵੀ, 

ਝਾਂਜਰ, ਝਾਂਜਰ, ਝਾਂਜਰ ਲਿਖਦਾ ਹੈ।

ਕਦੀ ਸਮਾਂ ਸੀ ਰੰਗਲੀ ਰੁੱਤ ਦੇ, 

ਗੀਤ ਵੀ ਗਾਇਆ ਕਰਦਾ ਸੀ।

ਹੁਣ ਤਾਂ 'ਕੇਸ਼ੀ ਡੁੱਬ ਕੇ, 

ਘੋਰ ਉਦਾਸੀ ਅੰਦਰ ਲਿਖਦਾ ਹੈ

📝 ਸੋਧ ਲਈ ਭੇਜੋ