ਫੁੱਲਾਂ ਵਾਂਗੂੰ ਖਿਲਣੇ ਨੂੰ ਜੀ ਕਰਦਾ ਹੈ
ਯਾਰਾਂ ਨੂੰ ਫਿਰ ਮਿਲਣੇ ਨੂੰ ਜੀ ਕਰਦਾ ਹੈ।
ਵੇਖ ਬੁਰਸ਼ ਨੂੰ ਰੰਗ ਛਿੜਕਦਾ ਕਾਗ਼ਜ਼ ਤੇ
ਕਲਮਾਂ ਲੈ ਕੁੱਝ ਲਿਖਣੇ ਨੂੰ ਜੀ ਕਰਦਾ ਹੈ।
ਸੀਨੇ ਮੱਚਦੀ ਅੱਗ ਹਿਜਰ ਦੀ ਠਾਰਨ ਲਈ
ਉਸ ਦੀ ਖ਼ਾਤਿਰ ਵਿਕਣੇ ਨੂੰ ਜੀ ਕਰਦਾ ਹੈ।
ਆਪਣੀ ਥਾਵੇਂ ਹੋਵੇਗਾ ਉਹ ਨਾਢੂ ਖ਼ਾਨ
ਮੇਰਾ ਵੀ ਕੁੱਝ ਕਹਿਣੇ ਨੂੰ ਜੀ ਕਰਦਾ ਹੈ।
ਰਫ਼ਤਾਰਾਂ ਹੈ ਪੱਟਿਆ ਪੈਦਲ ਤੁਰਨਾ ਮੈਂ
ਬੱਚੇ ਵਾਂਗਰ ਰਿੜਣੇ ਨੂੰ ਜੀ ਕਰਦਾ ਹੈ।
ਹਰ ਮੌਕੇ ਹਰ ਥਾਵੇਂ ਹੋਵਾਂ ਮੁਮਕਿਨ ਨੲ੍ਹੀਂ
ਤੇਰੀ ਅੱਖ ਵਿੱਚ ਟਿਕਣੇ ਨੂੰ ਜੀ ਕਰਦਾ ਹੈ।
ਆਣ ਅਚਿੰਤ ਝਪਟਦੇ ਸ਼ਿਖਰੇ ਬਾਜਾਂ ਵਾਂਗ
ਵੈਰੀ ਦੀ ਅੱਖ ਵਿੰਨਣੇ ਨੂੰ ਜੀ ਕਰਦਾ ਹੈ।
ਤੇਰੇ ਬਾਝੋਂ ਜਿੱਤਣਾ ਹਾਰੋਂ ਬੱਤਰ ਹੈ
ਦਿਲਬਰ ਤੈਥੋਂ ਪਿੱਧਣੇ ਨੂੰ ਜੀ ਕਰਦਾ ਹੈ।
ਮਿੱਟੀ ਹੋ ਕੇ ਮਿਟਣਾ ਤੇ ਫਿਰ ਖਿੜ ਉਠਣਾ
ਮੇਰਾ ਮਿੱਟੀ ਮਿਲਣੇ ਨੂੰ ਜੀ ਕਰਦਾ ਹੈ।
ਕਾਵਿ-ਉਡਾਰ ਦੇ ਖੰਭ ਖਰੋਚਣ ਇਹ ਬਹਿਰਾਂ
ਖੁੱਲ੍ਹੀ ਕਵਿਤਾ ਲਿਖਣੇ ਨੂੰ ਜੀ ਕਰਦਾ ਹੈ।
ਗੂੰਜਾਂ ਅਨਹਦ ਨਾਦ ਤਰ੍ਹਾਂ ਤੇਰੇ ਅੰਦਰ
ਤਰਬਾਂ ਵਾਂਗਰ ਛਿੜਣੇ ਨੂੰ ਜੀ ਕਰਦਾ ਹੈ।
ਉੱਚਿਆਂ ਉੱਚਿਆਂ ਉਡਣਾ ਤੇ ਡੂੰਘੇ ਤਰਨਾ
‘ਉੱਪਲ’ ਸੱਭ ਕੁੱਝ ਸਿਖਣੇ ਨੂੰ ਜੀ ਕਰਦਾ ਹੈ।