ਇਸ਼ਕ ਦੀ ਕਾਲਸ ਲੱਗੀ ਜਿੰਨ੍ਹਾਂ, ਉੱਜਲ ਓਹੀ ਚੇਹਰੇ ਨੀ।
ਸਜਣ-ਸਜਾਉਣ ਦੇ ਉਂਝ ਦੁਨੀਆ ਤੇ, ਆਲ-ਜੰਜਾਲ ਬਥੇਰੇ ਨੀ।
ਆਪ ਸਜਾ ਕੇ, ਆਪ ਵਿਆਹ ਕੇ, ਲਾਂਬੂ ਲਾ ਕੇ ਨੱਚੋਂ ਨੀ,
ਗੁੱਡੀਆਂ ਫੂਕਣ ਵਾਲੀਓ ਕੁੜੀਓ, ਕਿੱਡੇ ਥੋਡੇ ਜੇਰੇ ਨੀ!
ਜਿਹੜੀ ਰੂਹ ਖਸਮ ਤੋਂ ਟੁੱਟੇ, ਸਾਰੀ ਉਮਰ ਹਨੇਰੇ ਨੀ,
ਚੰਦ ਚਾਹੇ ਸੌ ਚੜ੍ਹਨ ਅੰਬਰੀਂ, ਕਰ ਨਾ ਸਕਣ ਸਵੇਰੇ ਨੀ।
ਮੇਰੇ ਗੀਤ ਜੋ ਅੰਦਰੇ ਮਰ ਗਏ, ਪਿੱਛਾ ਅੱਜ ਵੀ ਕਰਦੇ ਨੇ,
ਖੌਰੂ ਪਾਉਂਦੇ, ਚੀਕਾਂ ਮਾਰਨ, ਮੇਰੇ ਚਾਰ ਚੁਫੇਰੇ ਨੀ।
ਡਰਦੀ ਨਾ ਮੈਂ ਕੰਘੀ ਵਾਹਵਾਂ, ਕਿਧਰੇ ਵਿੱਛੜ ਜਾਵਣ ਨਾ,
ਮੇਰੇ ਕੇਸਾਂ ਵਿੱਚ ਜੋ ਰਹਿੰਦੇ, ਬਿਰਹੋਂ ਵਾਲੇ ਢੇਰੇ ਨੀ।
"ਮੰਡੇਰ" ਜੈਸੀਆਂ ਫੰਡਰ ਰੂਹਾਂ, ਕਿਸੇ ਨਾ ਲੈਣੇ ਫੇਰੇ ਨੀ।
ਆਹੀ ਬੱਸ ਕਹਾਣੀ ਸਭ ਦੀ, ਜੋ ਨਾ ਹੋਏ ਤੇਰੇ ਨੀ।