ਫੁਰਕਤ ਦਾ ਸ਼ਿਕਵਾ ਕੋਈ ਨਹੀਂ, ਉਲਫ਼ਤ ਦਾ ਝਗੜਾ ਕੋਈ ਨਹੀਂ
ਇਕ ਲੋੜ ਹੈ ਫਕਤ ਨਜ਼ਾਰੇ ਦੀ, ਹੋਰ ਦਿਲ ਨੂੰ ਤਮੱਨਾ ਕੋਈ ਨਹੀਂ
ਅਖਾਂ ਖੋਲਕੇ ਮੂਸਾ ਦੇਖ ਜ਼ਰਾ, ਨਾ ਕੋਸ ਤੂ ਰਬੇ ਅਰਨੀ ਨੂੰ
ਅਗ ਅਪਣੀ ਨਾਲ ਤੋਂ ਜਾਲਿਆ ਘਰ ਅੱਲਾ ਦਾ ਇਹ ਜਲਵਾ ਕੋਈ ਨਹੀਂ
ਮੁਲਾਂ ਫਰਕ ਨੇ ਤੈਨੂੰ ਮਾਰ ਲਿਆ, ਹਰ ਤਰਫ ਹੈ ਨਕਸ਼ਾ ਸੋਹਣੇ ਦਾ
ਹੈ ਇਸ਼ਕ ਮੁਹਬਤ ਦਾ ਮਤਲਬ ਬੁਤਖ਼ਾਨਾ ਤੇ ਕਾਅਬਾ ਕੋਈ ਨਹੀਂ
ਆਖਾਂ ਅਹਿਮਦ ਖੌਫ ਹੈ ਵਹਿਦਤ ਦਾ ਰਬ ਕਹਾਂ ਤੇ ਲਹਿੰਦੀ ਖਲ ਅੜਿਆ
ਬਸ ਫਰਕ ਹੈ ਮੀਮ ਮਰੋੜੀ ਦਾ ਰਬ ਕੋਈ ਤੇ ਬੰਦਾ ਕੋਈ ਨਹੀਂ
ਕਿਤੇ ਮੰਦਰ ਵਿਚ ਬਣਿਆ ਪੰਡਤ ਕਿਤੇ ਕਾਜ਼ੀ ਬੈਤ ਮੁਕੱਦਸ ਦਾ
ਉਹਦੀ ਚੌਖਟ ਤੇ ਹੈ ਸਰ ਉਸਦਾ ਹੋ ਗੈਰ ਨੂੰ ਸਜਦਾ ਕੋਈ ਨਹੀਂ
ਕਿਸੇ ਕਹੇਂ ਰਕੀਬ ਕਰੇਂ ਨਫ਼ਰਤ, ਕਿਸੇ ਸਮਝਕੇ ਯਾਰ ਫ਼ਿਦਾ ਹੋਵੇਂ
ਸਬ ਜਲਵਾ ਨੂਰ ਮੁਹੰਮਦ ਦਾ, ਅਪਣਾ ਤੇ ਪਰਾਯਾ ਕੋਈ ਨਹੀਂ
ਬਨ ਗ਼ਾਜ਼ੀ ਸਬਰ ਤਹਿਮਲ ਦਾ ਹੋ ਸ਼ਹੀਦ ਤੂ ਹਸ਼ਮਤ ਸ਼ਾਹ ਦਿਲ ਦਾ
ਦੁਨੀਆਂ ਵਿਚ ਜ਼ਿੰਦਾ ਕੋਈ ਨਹੀਂ ਅਕਬਾ ਵਿਚ ਮੁਰਦਾ ਕੋਈ ਨਹੀਂ