ਫ਼ੁਰਕਤ ਵਿਚ ਸਹਾਰੇ ਲੱਗਣ ਲੱਗ ਪਏ ਨੇ

ਫ਼ੁਰਕਤ ਵਿਚ ਸਹਾਰੇ ਲੱਗਣ ਲੱਗ ਪਏ ਨੇ

ਦਿਲ ਦੇ ਦਾਗ਼ ਪਿਆਰੇ ਲੱਗਣ ਲੱਗ ਪਏ ਨੇ

ਗ਼ਮ ਦੀ ਰਾਤ ਵੀ, ਅੱਖੋਂ ਡਿਗਦੇ ਅੱਥਰੂ ਵੀ ਸੂਰਜ,

ਚੰਨ, ਸਿਤਾਰੇ ਲੱਗਣ ਲੱਗ ਪਏ ਨੇ

ਜਿਸ ਵੇਲੇ ਦੀ ਪਿਆਰ ਦੀ ਬਾਜ਼ੀ ਹਾਰੀ ਏ,

ਸਾਰੇ ਨਫ਼ੇ ਖ਼ਸਾਰੇ ਲੱਗਣ ਲੱਗ ਪਏ ਨੇ

ਐਨੀ ਹੌਲੀ ਹੋ ਗਈ ਟੋਰ ਹਿਆਤੀ ਦੀ,

ਆਪਣੇ ਰੰਗ ਵੀ ਭਾਰੇ ਲੱਗਣ ਲੱਗ ਪਏ ਨੇ

ਫਿੱਕੇ ਪੈ ਗਏ ਜਦ ਦੇ ਰੰਗ ਤਸਵੀਰਾਂ ਦੇ,

ਸਾਰੇ ਰੂਪ ਉਧਾਰੇ ਲੱਗਣ ਲੱਗ ਪਏ ਨੇ

ਬਰਫ਼ਾਂ ਵਾਂਗਰ ਭਰਮ ਅਸਾਡਾ ਖੁਰਿਆ ਏ,

ਸਾਹਵਾਂ ਵਿਚ ਸ਼ਰਾਰੇ ਲੱਗਣ ਲੱਗ ਪਏ ਨੇ

ਆਪ ਤੋਂ ਅੱਗੇ ਵੇਖ ਕੇ 'ਸ਼ੈਦਾ' ਸਾਥੀ ਨੂੰ,

ਰਲ ਨਹੀਂ ਸੱਕੇ ਸਾਰੇ ਲੱਗਣ ਲੱਗ ਪਏ ਨੇ

📝 ਸੋਧ ਲਈ ਭੇਜੋ