ਗਾ ਗਾ ਕੇ ਪ੍ਰਭਾਤ ਜਗਾਈ

ਰੋ ਰੋ ਕੇ ਅਸਾਂ ਰਾਤ ਸੁਲਾਈ ।

ਗਾ ਗਾ ਕੇ ਪ੍ਰਭਾਤ ਜਗਾਈ ।

ਹੰਝੂਆਂ ਅੰਦਰ ਡੁੱਬ ਡੁੱਬ ਜਾਂਦੀ,

ਤਾਂਘ ਰਹੇ ਨੈਣਾਂ ਦੀ ਜੋਤੀ ।

ਕੰਬਦੀਆਂ ਨਜ਼ਰਾਂ, ਥਰਕਣ ਰਿਸ਼ਮਾਂ,

ਕਿੱਧਰ ਗਏ ਸ਼ਬਨਮ ਮੋਤੀ ।

ਦੱਸਿਓ ਵੇ ਨਰਗਸ ਦੇ ਨੈਣੋਂ

ਕਿਸ ਨੇ ਮੇਰੀ ਨੀਂਦ ਚੁਰਾਈ ?

ਜਗਰਾਤੇ, ਨੈਣਾਂ ਨੂੰ ਪੁੱਛਦੇ,

ਕਿੰਜ ਉੱਠੀਆਂ ਬਾਗ਼ੋਂ ਖ਼ੁਸ਼ਬੋਆਂ ।

ਘਿਰ ਘਿਰ ਆਏ ਬੱਦਲ ਕਾਲੇ,

ਖੁਰ ਖੁਰ ਜਾਵਣ ਧੁੰਦਲੀਆਂ ਲੋਆਂ ।

ਸੁਹਲ ਹਨੇਰਾ ਮੱਧਮ ਚਾਨਣ,

ਪੱਤਿਆਂ 'ਚੋਂ ਝਰਦੀ ਰੁਸ਼ਨਾਈ ।

ਜਲ-ਤਰੰਗ ਹੰਝੂਆਂ ਦਾ ਵੱਜਦਾ,

ਹਰ ਇੱਕ ਫੁੱਲ ਪਿਆਲੀ ਬਣਿਆ ।

ਜੋ ਸੰਧੂਰ ਦੁਮੇਲੀ ਕਿਰਿਆ,

ਉਹ ਸੂਰਜ ਦੀ ਲਾਲੀ ਬਣਿਆ ।

ਹੱਥ ਵਿੱਚ ਫੜ ਸੂਰਜ ਦਾ ਕਾਸਾ,

ਇਹ ਪ੍ਰਭਾਤ ਕੀ ਮੰਗਣ ਆਈ ?

ਹਰ ਹਉਕਾ ਹਿੱਕੜੀ ਦੀ ਪੀੜਾ,

ਹਰ ਸਾਹ ਗਰਦਨ ਵਿੱਚ ਤਲਵਾਰਾਂ ।

ਇਉਂ ਹੋਠਾਂ 'ਤੇ ਹਾਸਾ ਆਉਂਦਾ,

ਜਿਉਂ ਪਤਝੜ ਦੀ ਝੋਲ ਬਹਾਰਾਂ ।

ਜਿਉਂ ਸਾਵਣ ਦੀਆਂ ਨੁਚੜਨ ਰਾਤਾਂ,

ਇਉਂ ਮੱਸਿਆ ਜਹੀ ਉਮਰ ਲੰਘਾਈ ।

ਕੰਢਿਆਂ ਉੱਪਰ ਤਰੇੜਾਂ ਸੁੱਤੀਆਂ,

ਲਿਖੀਆਂ ਨਹੀਂ ਮੱਥੇ ਤਕਦੀਰਾਂ ।

ਲਹਿਰਾਂ ਆਵਣ, ਲਹਿਰਾਂ ਜਾਵਣ,

ਬਣਦੀਆਂ ਮਿਟਦੀਆਂ ਜਾਣ ਲਕੀਰਾਂ ।

ਇੱਕੋ ਹਰਫ਼ ਦਿਲੇ ਤੇ ਲਿਖਿਆ,

ਧੋ ਧੋ ਤੱਕਿਆ, ਮਿਟਦਾ ਨਾਹੀ ।

ਤਿਰੇ ਬਿਨਾਂ ਉਜਲੇ ਦਿਨ ਜੀਕਰ

ਧੁੱਪਾਂ ਵਿੱਚ ਸੜਦੀ ਤਨਹਾਈ ।

ਤਿਰੇ ਬਿਨਾਂ ਇਹ ਰਾਂਗਲੀਆਂ ਸ਼ਾਮਾਂ,

ਛਮ ਛਮ ਨੈਣਾਂ ਦੀ ਪਰਛਾਈ ।

ਤਿਰੇ ਬਿਨਾਂ ਚੰਨ-ਰਾਤਾਂ ਜੀਕਰ

ਯਾਦਾਂ ਚਿੱਟੀ ਕਫ਼ਨੀ ਪਾਈ ।

ਭਾਵੇਂ ਆਹਾਂ ਉਮਰੋਂ ਲੰਮੀਆਂ,

ਭਾਵੇਂ ਨਗ਼ਮੇ ਨੇ ਹਟਕੋਰੇ ।

ਇਕ ਦਿਨ ਅੰਮ੍ਰਿਤ ਭਰ ਜਾਵੇਗਾ,

ਜੀਵਨ ਦੇ ਵਿਸ ਭਰੇ ਕਟੋਰੇ ।

ਜਦੋਂ ਕਿਸੇ ਜੀਵਣ ਜੋਗੇ ਨੇ,

ਰੋਂਦੀ ਜ਼ਿੰਦਗੀ ਗਲੇ ਲਗਾਈ ।

ਨ੍ਹੇਰਾਂ ਦੇ ਵਿਚ ਬੀਜੇ ਤਾਰੇ,

ਇਕ ਦਿਨ ਸੂਰਜ ਬਣ ਜਾਵਣਗੇ ।

ਰਿਸ਼ਮਾਂ ਝਰਨ ਫ਼ੁਹਾਰਿਆਂ ਵਾਂਗੂੰ,

ਘੋਰ ਹਨੇਰੇ ਛਣ ਜਾਵਣਗੇ ।

ਜਾਗਣਗੇ ਸਮਿਆਂ ਦੀ ਹਿੱਕ 'ਤੇ,

ਯਾਦਾਂ ਨੂੰ ਸੁਪਨੇ ਗਲ ਲਾਈ ।

ਰੋ ਰੋ ਕੇ ਅਸਾਂ ਰਾਤ ਸੁਲਾਈ ।

ਗਾ ਗਾ ਕੇ ਪ੍ਰਭਾਤ ਜਗਾਈ ।

📝 ਸੋਧ ਲਈ ਭੇਜੋ