ਗਾਮੇ ਦੀ ਤੋਰ ਲਟਕੰਦੜੀ ਨਾਲ ਖੇਲ੍ਹਦੇ 

ਪਾਪ ਤੇ ਪੁੰਨ ਬਟਕਾਂ ਦੇ ਵਾਂਗੂੰ-

ਗਾਮੇ ਦੇ ਨਾਲ ਤੁਰਦੇ ਫ਼ਕੀਰ ਪੰਜਾਬ ਦੇ, 

ਧਰਤ ਸੂਫ਼ੀਆਂ ਦੇ ਪਿਆਲੇ ਦੇ ਵਾਂਗ ਉਛਲਦੀ, 

ਝੱਗੋ ਝੱਗ ਅਰਸ਼ ਦੀਆਂ ਅੱਖਾਂ,

ਬਸ ! ਗਾਮਾ ਮੁਸਕਰਾ ਦੇਵੇ

ਚੜ੍ਹੇ ਦਰਿਆਵਾਂ ਨੂੰ ਤੱਕ ਕੇ। 

ਗਾਮੇ ਦੇ ਹੱਥ ਮਿਹਰ ਵਿਚ ਫੈਲਦੇ 

ਜ਼ਿਮੀਂ-ਅਸਮਾਨ ਨੂੰ ਚੈਨ ਮਿਲਦੀ— 

ਗਾਮੇ ਦੀ ਨਜ਼ਰ ਉੱਡੇ

ਕਾਫ਼ਰ ਦੀ ਖ਼ੁਦੀ ਦੇ ਵਾਂਗੂੰ- 

ਗਾਮਾ ਮੁਸਕਰਾਂਦਾ

ਆਪਣੇ ਬਾਲ ਦੇ ਵਾਂਗੂੰ-

ਗਾਮਾ ਖੇਡਦਾ ਆਵੇ ਨਾਦਾਨ ਦੇ ਵਾਂਗੂੰ, 

‘ਐਲੀ ਐਲੀ’ ਦਾ ਗ਼ਜ਼ਬ ਢਾਉਂਦਾ

ਅਸਮਾਨ ਦੇ ਵਾਂਗੂੰ।

ਸੂਰਜ ਦੀ ਵਾਟ ਥੱਕੀ ਚਰਖ਼ ਤੇ,

ਗਾਮੇ ਦੀ ਅੱਖ ਵਿਚ ਗਹਿਰ ਚੜ੍ਹਦੀ ਅੱਗ ਦੀ, 

ਜੋ ਯੁਗਾਂ ਦੇ ਹਾਰੇ ਮੁਸਾਫ਼ਰਾਂ ਨੂੰ ਡੋਬ ਦੇਵੇ 

ਕਿਸੇ ਲਾਲ ਤੰਬੂ ਦੀ ਕੈਦ ਵਿਚ—

ਜਿਸਮ ਦੀ ਧੁੱਪ ਵਿਚ

ਗਾਮੇ ਨੇ ਮੌਤ ਦੇ ਬਾਜ਼ ਨੂੰ ਬੰਨ੍ਹਿਆ

ਤੇ ਬੇ-ਬਸ ਕੀਤਾ ਹੁਕਮ ਜੱਲਾਦ ਦਾ। 

ਕੋਈ ਘਮਸਾਨ

ਕਾਲ ਦੀਆਂ ਰਗਾਂ ਤੋਂ ਤਿਲ੍ਹਕਦਾ

ਉੱਡਦਾ ਹੀ ਉੱਡਦਾ, ਠਹਿਰਦਾ ਜਿਸਮ ਤੇ-

ਸ਼ਮਸ਼ੀਰਾਂ ਦੀ ਧਾਰ ਤੇ

ਗਾਮੇ ਨੇ ਬੰਨ੍ਹਿਆ ਭਗਤਾਂ ਦੇ ਵਿਰਦ ਨੂੰ— 

ਸੀਨੇ ਤੇ ਬਾਜ਼ੀ ਪੈਂਦੀ

ਬੇਖ਼ੁਦੀਆਂ ਵਿਚ ਡੁੱਬੇ ਅਸਮਾਨ ਦੀ।

ਧੁੱਪ ਫੁੱਟਦੀ ਗਾਮੇ ਦੇ ਜਿਸਮ ਚੋਂ। 

ਅੱਗ ਦੀ ਸੂਲੀ ਤੇ ਟੰਗੀਆਂ ਸ੍ਰਿਸ਼ਟੀਆਂ, 

ਗਾਮੇ ਦੇ ਜਿਸਮ ਦਾ ਜਸ਼ਨ ਹੁੰਦਾ 

ਬੇ-ਰਹਿਮ ਸੂਰਜ ਨਜ਼ਾਰਿਆਂ ਦਾ ਖ਼ੂਨ ਕਰਦੇ, 

ਭਰ ਰਹੇ ਕਹਿਰ ਨਾਲ

ਗਾਮੇ ਦੀ ਸ਼ਾਨ ਦਾ ਪਿਆਲਾ।

‘ਅਨਲਹੱਕ’ ਮਨਸੂਰ ਦਾ

ਗਾ ਰਿਹਾ ਗਾਮੇ ਦੀ ਅੱਖ ਵਿਚ- 

ਜ਼ਰਾ ਵੀ ਇਸਦੀ ਸਾਰ ਐਪਰ 

ਪੰਜਾਬ ਦੇ ਇਸ ਸੋਹਣੇ ਦਰਵੇਸ਼ ਨੂੰ— 

ਓਸਦਾ ਖ਼ੂਨ ਤਾਂ ਗਾਂਵਦਾ ਗਾਂਵਦਾ 

‘ਅਨਲਹੱਕ’ ਲਿਖ ਆਵੇ ਸੂਲੀਆਂ ਉੱਤੇ।

ਅਸਮਾਨ ਡੁੱਬਦਾ ਗਾਮੇ ਦੇ ਜਿਸਮ ਵਿਚ

ਦਰਵੇਸ਼ ਹੈਰਾਨ ਹੈ :

“ਕਿਉਂ ਨਸਦੀਆਂ ਮੇਰੇ ਪੈਰਾਂ ਦੇ ਹੇਠਾਂ

ਤਾਰਿਆਂ ਦੀਆਂ ਮਿਸ਼ਾਲਾਂ ਅਨੇਕਾਂ !

ਕਿਉਂ ਨਬੀਆਂ ਦਾ ਨੂਰ ਨੂਰ

ਮੱਥੇ ਨੂੰ ਧਾਂਵਦਾ !

ਕਿਉਂ ਦਹਿਲਕੇ ਕੋਈ ਚੀਜ਼ ਨਸਦੀ ਹਿੱਕ ਵਲ, 

ਤੇ ਬਿੱਜਲੀਆਂ ਦੇ ਵਾਂਗ ਛੁੱਟਦੇ ਬਾਜ਼ ਨੇ!!”

📝 ਸੋਧ ਲਈ ਭੇਜੋ