ਗੱਡੀ ਟੁਰ ਗਈ ਪ੍ਰਦੇਸਾਂ ਨੂੰ ਮਾਰ ਕੇ ਲੰਮੀ ਕੂਕ ।
ਟੇਸ਼ਨ ਉੱਤੇ ਹੌਕੇ ਭਰਦੀ ਰਹਿ ਗਈ ਜਿੰਦ ਮਲੂਕ ।
ਫ਼ਜਰਾਂ ਤੀਕਰ ਉਨ੍ਹਾਂ ਘਰਾਂ ਦੇ ਪੱਲੇ ਕੁੱਝ ਨਹੀਂ ਰਹਿੰਦਾ,
ਜਿਨ੍ਹਾਂ ਘਰਾਂ ਦੇ ਰਾਖੇ ਰਾਤੀਂ ਸੁੱਤੇ ਰਹਿੰਦੇ ਘੂਕ ।
ਤੂੰ ਮੋਢੇ ਤੇ ਲਾਲ ਹਨ੍ਹੇਰੀ ਐਵੇਂ ਚੁੱਕੀ ਆਵੇਂ,
ਦਿਲ ਦੀਵੇ ਲਈ ਬਹੁਤ ਸੀ ਮਿੱਤਰਾ ਤੇਰੀ ਇੱਕੋ ਫੂਕ ।
ਇਹ ਧਰਤੀ ਵੀ ਜੰਨਤ ਵਾਂਗੂੰ ਸੁੱਖਾਂ ਦਾ ਘਰ ਹੁੰਦੀ,
ਜੇ ਕਰ ਤਕੜਾ ਚੰਗਾ ਕਰਦਾ ਮਾੜੇ ਨਾਲ ਸਲੂਕ ।
ਆਪੋ-ਧਾਪ ਦੇ ਹੱਥੋਂ ਮੁੱਕਦਾ ਜਾਵੇ ਭਾਈ ਚਾਰਾ,
ਪਿਆਰ ਹਵੇਲੀ ਨਫ਼ਰਤ ਵਾਲੀ ਅੱਗ ਨੇ ਦਿੱਤੀ ਫੂਕ ।
ਵਿਛੜਨ ਵੇਲੇ ਇਕ ਦੂਜੇ ਨੂੰ ਬੜੇ ਦਿਲਾਸੇ ਦਿੱਤੇ,
ਫੇਰ ਵੀ ਝਾਕੀ ਅੱਖਾਂ ਵਿਚੋਂ, ਦਿਲ ਚੋਂ ਉਠਦੀ ਹੂਕ ।