ਗ਼ਦਰੀ ਬਾਬਿਆ ਜਿੰਦ ਮੁਹਾਲ ਵੇ।
ਬੁਰਾ ਦੇਸ਼ ਪੰਜਾਬ ਦਾ ਹਾਲ ਵੇ।
ਕੀ ਅਸਮਾਨ ਦੇ ਹੇਠਾਂ ਜੀਵਣਾ ?
ਪੰਜ ਦਰਿਆ ਨਾਂਹ ਸਾਡੇ ਨਾਲ ਵੇ।
ਕਿੱਥੇ ਸ਼ਮਸ਼ੀਰ ਤੋਂ ਡੂੰਘਾ ਜ਼ਖ਼ਮ ਉਹ
ਕਿੱਥੇ ਉਹ ਬਜਬਜ ਘਾਟ ਦਾ ਤਾਲ ਵੇ ?
ਬਿਨਾਂ ਰਕਾਬ ਤੇ ਵਾਗ ਦੇ ਨੱਸਣਾ
ਅਰਸ਼ ਦੇ ਹੁਕਮ ਤੋਂ ਵੱਖਰੀ ਚਾਲ ਵੇ ।
ਫ਼ਜਰ ਅਜ਼ਾਨ ਵਿਚ ਲਹੂ ਦੀ ਲਾਟ ਹੋ
ਬਿੱਜਲੀਆਂ ਕੁਫ਼ਰ ਵਿਚ ਪਾਉਣੀ ਧਮਾਲ ਵੇ।
ਨਸ਼ਾ ਜਹਾਦਾਂ ਦਾ ਫੈਲਣਾ ਸਾਗਰਾਂ
ਸਾਗਰ ਹੋ ਜਾਵਣਾ ਸਾਗਰ ਦੇ ਨਾਲ ਵੇ।
ਗੀਤ ਨੂੰ ਖ਼ੁਦੀ ਦਾ ਹਾਲ ਪੈ ਜਾਣਾ
ਗਸ਼ਾਂ ਨੇ ਭੰਨਣੀ ਤੇਗਾਂ ਦੀ ਪਾਲ ਵੇ।
ਹਸ਼ਰ ਦੇ ਘਾਟ 'ਤੇ ਪਾਣੀ ਜਾ ਪੀਵਣਾ
ਸੁੱਟਣਾ ਨਜ਼ਰ ਦੇ ਕੱਪਰ ਨੂੰ ਬਾਲ ਵੇ।
ਨਿਰੀ ਵੀਰਾਨੀ ਅਰਸ਼ ਤੋਂ ਡਿੱਗਦੀ
ਫੇਰ ਨਾਂਹ ਚੜ੍ਹਿਆ ਸ਼ਹੀਦਾਂ ਦਾ ਸਾਲ ਵੇ।
ਹਾਲ-ਬੇਹਾਲ ਹੋ ਖੁਭੇ ਨਾਂਹ ਸਾਗਰ
ਖ਼ੂਨ ਦੇ ਗਜ਼ਬ ਦੇ ਕਤਰੇ ਵਿਚਾਲ ਵੇ।
ਚਰਖੜੀ ਉਤੇ ਗ਼ੁਲਾਮ ਹੀ ਰੋਂਵਦੇ
ਕਦੇ ਤਾਂ ਆਵੇ ਸ਼ੌਕ ਬੇਹਾਲ ਵੇ।
ਬਾਜ਼ ਖ਼ੂਨੀ ਸਮੁੰਦਰਾਂ ਤੋਂ ਗਾਉਂਦੇ
ਲੰਘੇ ਨਾਂਹ ਚੁੰਮ੍ਹ ਕੇ ਸੂਰਜ ਦੀ ਡਾਲ ਵੇ।