ਪਲ ਪਲ, ਗਿਣ ਗਿਣ, ਕਦੇ ਗੁਜ਼ਾਰੇ, ਜੇਲ੍ਹੀਂ, ਸੂਲੀਂ-ਟੰਗੇ ਦਿਨ ।
ਵਰ੍ਹਿਆਂ ਪਿੱਛੋਂ, ਅੱਜ ਕਿਉਂ ਲੱਗਣ, ਸਾਨੂੰ ਚੰਗੇ ਚੰਗੇ ਦਿਨ ।
ਰਾਤਾਂ ਭਾਵੇਂ ਸੱਤ-ਰੰਗੀਆਂ ਸਨ, ਰੌਸ਼ਨੀਆਂ ਦੀ ਝਿਲਮਿਲ ਵੀ,
ਆਖਣ, 'ਮੰਗ ਲੈ, ਜੋ ਵੀ ਚਾਹੇਂ’, ਅਸਾਂ ਹਮੇਸ਼ਾ ਮੰਗੇ, ਦਿਨ ।
ਦਿਨਾਂ ਦਿਨਾਂ ਦਾ ਚੱਕਰ ਹੁੰਦੈ, ਉਹ ਲੰਘੇ, ਇਹ ਲੰਘ ਜਾਣੇ,
ਕੀ ਹੋਇਆ ਜੇ ਅੱਜ ਧੁਆਂਖੇ, ਕੌੜੇ, ਕਾਲਖ਼-ਰੰਗੇ ਦਿਨ ।
ਗੱਲ ਹਮੇਸ਼ਾ ਕੋਰੀ ਕਰੀਏ, ਕੌੜੀ ਲੱਗੇ ਜਾਂ ਮਿੱਠੀ,
ਅੱਗ ਦੀ ਰੁੱਤੇ, ਧਮਕੀ ਵਾਂਗੂੰ ਸਾਡੇ ਸਿਰ ਤੋਂ ਲੰਘੇ ਦਿਨ ।
ਐਵੇਂ ਪੱਤੇ ਵਾਂਗ ਨਾ ਕੰਬੀਂ, ਸਦੀਆਂ ਦਾ ਇਤਿਹਾਸ ਬਣਨ,
ਫਾਂਸੀ ਚੜ੍ਹਦੇ, ਜੋ ਮੁਸਕਾਏ, ਹੱਸੇ, ਸੂਲੀ ਟੰਗੇ ਦਿਨ ।
ਬੁਜ਼ਦਿਲ ਦਾ ਕੀ ਜੀਣਾ ਹੁੰਦਾ, ਕੀ ਜੀਣਾ ਕਮਜ਼ੋਰਾਂ ਦਾ,
ਤਰਲੇ ਲੈ ਲੈ ਕਾਤਲ ਕੋਲੋਂ, ਜਿਨ੍ਹਾਂ ਹੁਧਾਰੇ ਮੰਗੇ ਦਿਨ ।
ਉਹ ਦਿਨ ਸਦਾ ਸਲਾਮਤ ਰਹਿੰਦੇ, ਅਣਖ ਜਿਨ੍ਹਾਂ ਦੇ ਹੈ ਪੱਲੇ,
ਸੰਗੀਨਾਂ ਨੂੰ ਕਰਨ ਮਖ਼ੌਲਾਂ ਕਾਤਲ ਬੂਹੇ ਖੰਘੇ ਦਿਨ ।