ਗ਼ੈਰਾਂ ਨਾਲ ਸਾਂਝ-ਭਿਆਲੀ

ਗ਼ੈਰਾਂ ਦੇ ਨਾਲ ਸਾਂਝ-ਭਿਆਲੀ ਕੀ ਕਰੀਏ ।

ਇਕ ਦੋ ਘੜੀਆਂ ਦੀ ਖ਼ੁਸ਼ਹਾਲੀ ਕੀ ਕਰੀਏ ।

ਮੀਂਹ ਦੇ ਬਦਲੇ ਅੱਗ ਵਰੀ ਅਸਮਾਨਾਂ ਤੋਂ,

ਗੁਲਜ਼ਾਰਾਂ ਦੇ ਰਾਖੇ ਮਾਲੀ ਕੀ ਕਰੀਏ ।

ਤੇਰੇ ਨਾਂ ਤੋਂ ਆਪਣੀ ਜ਼ਿੰਦੜੀ ਵਾਰ ਦਿੱਤੀ,

ਹੋਰ ਐ ਪਿਆਰ ਨਗਰ ਦੇ ਵਾਲੀ ਕੀ ਕਰੀਏ ।

ਸਭ ਨੇ ਆਖ਼ਰ ਮੌਤ ਦਾ ਜ਼ਾਇਕਾ ਚੱਖਣਾ ਏ,

ਧਨ ਕੀ ਕਰਦਾ, ਰੁਤਬੇ ਆਲੀ, ਕੀ ਕਰੀਏ ।

ਅਰਮਾਨਾਂ ਦੇ ਫੁੱਲ ਤੇ ਦਿਲ ਵਿਚ ਮਹਿਕੇ ਨਾ,

ਹਰ ਸੂ ਸਾਵਣ ਦੀ ਹਰਿਆਲੀ ਕੀ ਕਰੀਏ ।

ਗ਼ਮ ਨੇ ਦਿਲ ਵਿਚ ਦੀਪਕ ਰਾਗ ਅਲਾਪੇ ਸਨ,

ਬੱਦਲੀ ਦੀ ਝੋਲੀ ਸੀ ਖ਼ਾਲੀ ਕੀ ਕਰੀਏ ।

ਜ਼ਹਿਰ ਜ਼ਮੀਨੋਂ ਉੱਗੇ ਥਾਵੀਂ ਫ਼ਸਲਾਂ ਦੇ,

'ਆਹੂ' ਫੜ ਕੇ ਹਲ ਪੰਜਾਲੀ ਕੀ ਕਰੀਏ ।

📝 ਸੋਧ ਲਈ ਭੇਜੋ