ਗ਼ਾਜ਼ੀ ਖ਼ਾਨ ਦੇ ਟੋਭੇ 'ਤੇ

ਟੋਭੇ ਗ਼ਾਜ਼ੀ ਖ਼ਾਨ ਦੇ, ਸਿਖਰ ਦੁਪਹਿਰ ਦੀ ਹੂਰ 

ਵਾਗਾਂ ਸਮਿਆਂ ਵਾਲੀਆਂ, ਖਿੱਚ ਰਹੀ ਵੱਲ ਨੂਰ।

ਬ੍ਰਿਛਾਂ ਦੀ ਛਾਂ ਲਰਜ਼ਦੇ, ਦਿਲਾਂ ਦੇ ਸੈਅ ਦਰਿਆ 

ਉੱਡਦੇ ਜਾਂਦੇ ਪੰਛੀਆ ! ਬੂਰ ਖਿੜੇ ਕਿਉਂ ਦੂਰ

ਲੰਮੀ ਤੈਂਡੀ ਜ਼ੁਲਫ਼ ਤੋਂ, ਲੰਮੀ ਕਿਤੇ ਝਨਾਂ 

ਟਾਪ ਸੁਣੀ ਜੋ ਦਿਲੇ ਨੇ, ਕਿਥੇ ਕੁ ਉਸਦੀ ਧੂੜ

ਜੋਬਨ ਰੁਕਿਆ ਰੁਕੇ, ਖੁਰ ਖੁਰ ਜਾਵਣ ਤੂਰ 

ਸੁਣ ! ਕਨਿਆਨ ਦੀ ਵਾਟ 'ਤੇ, ਅਸੀਂ ਬੜੇ ਮਜਬੂਰ। 

ਬੇਲਿਆਂ ਦੀ ਜਿੰਦ ਘੁੱਟਦਾ, ਅਜ ਨਵੇਲਾ ਮੋਹ 

ਮਹਿਕ ਕੁਝ ਵੀ ਦੱਸਦੀ, ਆਪ ਆਵੇ ਬੂਰ। 

ਅਸਮਾਨਾਂ ਨੂੰ ਚੀਰਦਾ, ਖੰਭ ਪੁਰਾਣਾ ਕੋ 

ਸਾੜ ਸਕੀਆਂ ਬਿਜਲੀਆਂ, ਨਜ਼ਰੀਂ ਬਾਲ ਸਰੂਰ। 

ਟੋਭੇ ਗ਼ਾਜ਼ੀ ਖ਼ਾਨ 'ਤੇ, ਸਖੀਆਂ ਰਹੀਆਂ ਝੂਰ 

ਨੀਲੀ ਦੇ ਅਸਵਾਰ ਨੂੰ, 'ਵਾਜ ਦੇਵੇ ਹੂਰ !

“ਨਾਂਹ ਝੂਰੋ ਹਮਜੋਲੀਓ, ਅਜੇ ਨਸੀਬ ਦੀ ਲੋਅ, 

ਹੁਜਰੇ ਸ਼ਾਹ ਮੁਕੀਮ ਦੇ, ਮੈਂ ਹੋਈਆਂ ਮਨਜ਼ੂਰ।

ਹਿੱਕ ਦੀਂਹ ਕੰਧੀ ਨਦੀ ਜਿਉਂ, ਖੁਰਣ ਤੱਤੀ ਦੇ ਲੇਖ 

ਵਰ੍ਹਦੀ ਅਜੇ ਝਨਾਂ ਦੀ, ਸਿਰ ਮੇਰੇ 'ਤੇ ਭੂਰ।” 

ਟੋਭੇ ਗ਼ਾਜ਼ੀ ਖ਼ਾਨ ਦੇ, ਸਿਖਰ ਦੁਪਹਿਰ ਦੀ ਹੂਰ 

ਵਾਗਾਂ ਸਮਿਆਂ ਵਾਲੀਆਂ, ਖਿੱਚ ਰਹੀ ਵੱਲ ਨੂਰ।

📝 ਸੋਧ ਲਈ ਭੇਜੋ