ਗਲੀਆਂ ਬਜ਼ਾਰ ਦਰਬਾਰ
ਸਜਾਏ ਗਏ
ਗੇਂਦੇ ਦੇ ਫੁੱਲਾਂ ਨੂੰ ਡਾਲੀਆਂ ਤੋਂ ਵੱਖ ਕਰ
ਉਹਨਾਂ ਦੇ ਸੀਨੇ ਵਿੰਨ੍ਹ 2
ਬੱਸਾਂ ਸ਼ਿੰਗਾਰ ਤੋਰ ਲਈਆਂ-
ਉੱਚੇ 2 ਨਿਸ਼ਾਨ ਫ਼ੜ੍ਹ
ਖਬਰੇ ਕਿੱਧਰ ਨੂੰ ਚੱਲੇ ਸਨ-
ਮੈਂ ਅੰਦਰ ਬੈਠਾ ਹਾਂ ਪਿਆਸਾ
ਸ਼ਬਦ ਜੋੜਦਾ ਰਾਗ ਲੱਭਦਾ
ਸੁਰਾਂ ਤੇ ਅਲਾਪ ਭਾਲਦਾ-
ਇਹ ਪਤਾ ਨਹੀਂ ਕਿੱਧਰ ਚੱਲੇ ਹਨ-
ਪ੍ਰੀਕਰਮਾਂ ਫ਼ਰਸ਼ ਬਹੁਤ ਧੋਤੇ
ਦੁੱਧਾਂ ਨਾਲ ਕੱਚੀਆਂ ਬੁੱਧਾਂ ਨਾਲ
ਲਾਲੋ ਬਾਹਰ ਖੜਾ੍ਹ ਹੈ
ਖਾਲੀ ਛੰਨਾ ਲੈ ਕੇ
ਘੁੱਟ ਦੁੱਧ ਲਿਜਾਣ ਲਈ-
ਤਾਂ ਕਿ ਅਸੀਂ ਕੱਠੇ ਬੈਠ
ਚਾਹ ਦਾ ਕੱਪ ਬਣਾ ਲਈਏ-
ਉਹਨੂੰ ਦੁਰਕਾਰ ਮਿਲੀ ਹੈ-
ਕਿ ਬਾਹਰ ਚੱਲ- ਫੇਰ ਆਵੀਂ
ਪਾਣੀ ਲੈਣ ਘੱਲਿਆ
ਵੀ ਅਜੇ ਨਹੀਂ ਪਰਤਿਆ ਡੋਲ
ਸਗੋਂ ਪੱਥਰ ਮਾਰ ਰਿਹਾ ਹੈ ਕੋਈ
ਇਹ ਕੀ ਕਰ ਰਹੇ ਹਨ ਲੋਕ-
ਕਿੱਥੇ ਚਲੇ ਜਾਈਏ-
ਮਸਾਂ ਉਦਾਸੀਆਂ ਕਰ
ਮੱਤਾਂ ਬੰਨ੍ਹੀਆਂ ਸਨ ਪੱਲੇ-
ਪਰ ਇਹ ਤਾਂ ਫਿਰ ਰਹੇ ਝੱਲੇ -
ਸੱਜਣ ਠੱਗ ਨੇ ਹੋਰ ਟੋਲੇ ਬਣਾ ਲਏ ਹਨ-
ਕੰਧਾਰੀਆਂ ਦੇ ਦਿੱਲਾਂ ਚੋਂ ਨਫ਼ਰਤਾਂ ਨਹੀਂ ਮਰੀਆਂ
ਮੱਕੇ ਜਾਨੇਂ ਆਂ ਤਾਂ
ਕੋਈ ਸੌਣ ਨਹੀਂ ਦਿੰਦਾ ਲੱਤਾਂ ਵਿਸਾਰ ਕੇ
ਕਿੱਥੇ ਲਾਹੀਏ ਸਦੀਆਂ ਦੀ ਥਕਾਣ?
ਸੁਬਾ੍ਹ ਤੋਂ ਕਿਹਦੇ ਗਾ ਰਹੇ ਨੇ ਗੀਤ
ਮੈਂ ਬਾਹਰ ਪੌੜੀਆਂ ਤੇ ਬੈਠਾ ਭੁੱਖਾ ਤੱਕ ਰਿਹਾ ਹਾਂ-
ਆਤਸ਼ਬਾਜ਼ੀ ਨਾਲ ਅੰਬਰ ਪਾੜ੍ਹ ਚੀਰ ਦਿਤੇ ਗਏ
ਜਗ ਮਗ ਕਰਦੀਆਂ ਲੜੀਆਂ
ਸਾਰੀ ਰਾਤ ਨਾ ਸੁੱਤੀਆਂ
ਸ਼ਹਿਰ 2 ਰੌਸ਼ਨ ਇੰਜ਼ ਕੀਤਾ
ਜਿਵੇਂ ਕਿਸੇ ਧਨਾਢ ਦਾ ਵਿਆਹ ਹੋਵੇ-
ਮੇਰੇ ਜਨਮ ਦਿਨ ਤੇ
ਇਹਨਾਂ ਮੈਨੂੰ ਵੀ ਨਹੀਂ ਸੱਦਿਆ
ਨਾ ਹੀ ਬਾਲੇ ਮਰਦਾਨੇ ਨੂੰ ਕੋਈ ਕਹਿਣ ਗਿਆ-
ਕਿਸੇ ਨੇ ਵੀ ਆ ਕੇ ਨਹੀਂ ਪਛਾਣਿਆ ਮੈਨੂੰ-
ਕਿ ਬਾਹਰ ਕੌਣ ਠੰਢ ਨਾਲ ਕੰਬਦਾ ਹੈ ਜ਼ਹਾਨ
ਬਹੁਤ ਜੈਕਾਰੇ ਮਾਰੇ
ਲੰਬੇ 2 ਭਾਸ਼ਣ ਦੇ ਨਗਰਾਂ ਚ ਸਿਫ਼ਤਾਂ ਕਰ
ਮੇਰੇ ਪਿੰਡ ਸ਼ਹਿਰ ਪ੍ਰੀਵਾਰ ਦੀਆਂ ਗੱਲਾਂ ਕੀਤੀਆਂ
ਮੈਂ ਬੈਠਾ ਕਦੇ ਨਦੀ ਕੰਢੇ
ਤੇ ਕਦੇ ਖੇਤਾਂ ਚ ਕੰਮ ਕਰਦਾ
ਦੇਖਦਾ ਰਿਹਾ ਨਜ਼ਾਰਾ-
ਵੱਡੇ 2 ਘਰਾਂ ਨੇ ਲੰਗਰ ਕਰਵਾਏ
ਪਰ ਮੇਰੀ ਕੌਲੀ ਚ ਦਾਲ ਪਾਉਣ ਕੋਈ ਨਾ ਆਇਆ
ਨਾ ਹੀ ਕਿਸੇ ਨੇ ਰੋਟੀ ਰੱਖੀ ਮੇਰੇ ਖਾਲੀ ਹੱਥ ਤੇ
ਇਹ ਮੈਨੂੰ ਹੀ ਨਹੀਂ ਪਛਾਣ ਸਕੇ
ਤਾਂ ਕਿਹਦੀਆਂ ਗੱਲਾਂ ਕਰਦੇ ਨੇ ਨਿੱਤ
ਮੈਂ ਫਿਰ ਮੁੜ ਆਇਆ ਹਾਂ
ਇਹਨਾਂ ਦੀ ਭੀੜ੍ਹ ਵਿੱਚੋਂ ਡਰਦਾ
ਕਿ ਇਹ ਕਿਤੇ ਪਾਗਲ ਸਮਝ
ਮੈਨੂੰ ਮਾਰਨ ਕੁੱਟਣ ਨਾ ਲੱਗ ਜਾਣ-