ਗਲੀਆਂ ਕੱਛਾਂ ਕੂਚੇ ਗਾਹਵਾਂ

ਗਲੀਆਂ ਕੱਛਾਂ ਕੂਚੇ ਗਾਹਵਾਂ ਦਿਲਬਰ ਤੇਰੀਆਂ ਝਾਤਾਂ ਨੂੰ

ਬੈਠ ਬਨੇਰੇ ਦੀਵੇ ਬਾਲਾਂ ਚੈਨ ਦਿਨੇ ਨਾ ਰਾਤਾਂ ਨੂੰ।

ਗਾਨੀ,  ਛੱਲਾ, ਕੋਕੇ, ਝਾਂਜਰ  ਦਿਲ  ਦੇ  ਬੂਹੇ  ਅੰਦਰ  ਨੇ

ਦੱਸ  ਭਲਾ ਮੈਂ ਕਿੰਝ ਛੁਪਾਵਾਂ ਹਿਜਰ ਦੀਆਂ ਸੌਗਾਤਾਂ  ਨੂੰ।

ਨੰਗਿਆਂ ਨਾ ਕਰ, ਭੋਂਇ ਦਬਾ ਦੇ, ਬੀ ਨੂੰ ਢੱਕ ਕੇ ਰੱਖੀਦਾ

ਮਿੱਟੀ ਮਿਲ ਇਸ ਪੁੰਗਰ ਪੈਣਾ ਆਉਂਦੀਆਂ ਬਰਸਾਤਾਂ ਨੂੰ।

ਕੂੰਜ ਤਰ੍ਹਾਂ ਹੋਇਆ ਪ੍ਰਦੇਸੀ ਮੁੜ ਵਤਨੀਂ ਨਾ ਆਇਆ  ਉਹ

ਪ੍ਰੀਤਾਂ ਦੇ ਵਣਜਾਰੇ ਤਰਸਣ ਅੱਜ ਤੱਕ ਮਿੱਠੀਆਂ ਬਾਤਾਂ ਨੂੰ।

ਛੋੜ ਜੁਗਾਲੀ ਬੀਤੇ ਕਲ੍ਹ ਦੀ ਅੱਜ ਦੀ ਲੋਰੀ ਗਾਇਆ ਕਰ

ਡੋਰ  ਸਮੇਂ  ਦੀ  ਹੱਥ ਵਿੱਚ  ਤੇਰੇ ਤੁਣਕੇ ਲਾ ਹਾਲਾਤਾਂ ਨੂੰ।

ਪੂੰਜੀਵਾਦ ਦੇ ਮੇਲੇ  ਰਮਿਆ ਰੂਹੋਂ ਭੁੱਖਾ  ਸਖਣਾ  ਹੈ

ਪ੍ਰੀਤ ਵਿਹੂਣੇ ਖ਼ਾਕ ਮਨਾਉਣਾ ਬਾਜੇ ਬੈਂਡ ਬਾਰਾਤਾਂ ਨੂੰ।

ਮੀਂਹ ਵਰ੍ਹੇ ਗ਼ਜ਼ਲਾਂ ਦਾ ਰੱਬਾ ਸੁਖ਼ਨਵਰਾਂ ਦੀ ਰੂਹ ਭਿੱਜੇ

ਕਾਵਿ ਉਡਾਰੀ ਭਰਨ ਅਕਾਸ਼ੀਂ ਲੈ ਕੇ ਕਲਮ ਦਵਾਤਾਂ ਨੂੰ।

ਚਮਗਿੱਦੜਾਂ ਦੀ ਬਸਤੀ ਅੰਦਰ ਉਲਟੇ ਲਟਕੇ ਰਹਿਣਾ ਹੈ

ਵਹਿੰਦਾ ਜਾ ਵਹਿੰਦੇ ਦਰਿਆਵੀਂ ਛਿੱਕੇ ਟੰਗ ਜਜ਼ਬਾਤਾਂ ਨੂੰ।

ਸਿੰਗੋਂ  ਫੜ  ਕੇ  ਬੈਲ  ਜੁਆਨੀ  ਕੌਣ ਭਲਾ ਰੋਕੇ ‘ਉੱਪਲ’

ਕੌਣ   ਛੁਪਾਵੇ   ਚਿਹਰੇ  ਉੱਗੇ  ਧੌਲੀ  ਦੇ  ਨਵਜਾਤਾਂ  ਨੂੰ।

📝 ਸੋਧ ਲਈ ਭੇਜੋ