ਗਲੀਆਂ ਵਿਚ ਉੱਡਦੇ ਪ੍ਰਸ਼ਨ

ਇਹ ਅਲੀ ਬਾਬਾ ਤੇ ਚਾਲੀ ਚੋਰ ਕੌਣ ਸਨ ?

ਭਰੇ ਦਰਬਾਰ ਵਿਚ

ਭਲਾ ਕਿਸੇ ਨੇ ਵੀ

ਰਾਣੀ ਨੂੰ ਅੱਗਾ ਢੱਕਣ ਲਈ ਨਾ ਕਿਹਾ ? 

ਕੰਧਾਂ 'ਤੇ ਲੱਗੇ ਸੂਹੇ ਅੱਖਰਾਂ ਦੇ ਇਸ਼ਤਿਹਾਰ 

ਦਿਲ ਦੇ ਲਹੂ ਵਿਚ ਕਦੋਂ ਰਚਣਗੇ ? 

ਕਰਾਮਾਤਾਂ ਦੇ ਦੇਸ ਵਿਚ

ਇਕ ਵੀ ਕਰਾਮਾਤ ਨਹੀਂ ਹੁੰਦੀ ? 

ਨਾ ਕੋਈ ਕੁੱਜੇ ਵਿਚ ਹਾਥੀ ਪਾਉਂਦਾ ਹੈ 

ਤੇ ਨਾ ਕੋਈ ਤਲੀ 'ਤੇ ਸਰੋਂਹ ਜਮਾਉਂਦਾ ਹੈ। 

ਇਹ ਸਾਂਝੀਵਾਲਤਾ ਦਾ ਸੂਹਾ ਫੁੱਲ 

ਕਿਸ ਮਿੱਟੀ 'ਚੋਂ ਖਿੜਦਾ

ਤੇ ਕਿਹੜੀ ਰੁੱਤੇ ਮਹਿਕਦਾ ਹੈ ? 

ਭਲਾ ਸੋਨੇ ਦੀ ਚਿੜੀ

ਕਿਹੜੇ ਭਾਰਤੀ ਟਾਪੂ ਦਾ ਨਾਮ ਸੀ ? 

ਇਹ ਫੱਫੇ ਕੁਟਣੀ ਦੀ ਕਥਾ ਕਦੋਂ ਮੁਕੇਗੀ ? 

ਜੇ ਭਾਰਤ ਵਿਚ ਛੱਤੀ ਕਰੋੜ ਦੇਵਤੇ ਸਨ 

ਤਾਂ ਫਿਰ ਆਮ ਆਦਮੀ ਕਿੰਨੇ ਸੀ ? 

ਹੈਰਾਨੀ ਹੈ ਕਿ ਤੁਹਾਨੂੰ

ਅੱਖਾਂ 'ਚ ਕਾਲਾ-ਮੋਤੀਆ ਉਤਰਨ ਦਾ ਪਤਾ ਹੀ ਨਹੀਂ ਲੱਗਾ ! 

ਸੱਪ ਦਾ ਜ਼ਹਿਰ ਤਾਂ ਸਿਰ ਨੂੰ ਚੜ੍ਹਨ ਲੱਗਾ ਹੈ

ਤੇ ਤੁਸੀਂ ਡੌਲੇ 'ਤੇ ਦੁਪੱਟਾ ਬੰਨੀ ਬੈਠੇ ਹੋ 

ਭਲਾ ਉਸ ਜਾਦੂਗਰਨੀ ਨੇ

ਤ੍ਰੀਆ ਜਾਲ ਦਾ ਕੋਰਸ ਕਿਥੋਂ ਕੀਤਾ ਸੀ ? 

ਗੁਰਦੁਆਰੇ ਦੇ ਭਾਈ ਦਾ

ਰਾਜ ਸਭਾ ਵਿਚ ਕੀ ਕੰਮ ? 

ਗੰਦੇ ਤਵੇ ਲਾਉਣ ਵਾਲਾ

ਆਪਣੀ ਭੈਣ ਦੇ ਕੰਨਾਂ ਵਿਚ ਰੂੰ ਕਿਉਂ ਨਹੀਂ ਦਿੰਦਾ ? 

ਤੁਸਾਂ ਲਾਲ ਕਿਲਾ ਕੀ ਫ਼ਤਿਹ ਕਰਨਾ ਹੈ

ਤੁਹਾਥੋਂ ਪਿੰਡ ਦਾ ਪਟਵਾਰੀ ਹੀ ਸੂਤ ਨਹੀਂ ਹੁੰਦਾ ? 

ਫਸਲ ਸੁੱਕਣ ਲੱਗੇ

ਤਾਂ ਮੂੰਹ ਚੁੱਕੀ ਅਸਮਾਨ ਵਲ ਤੱਕਣ ਲੱਗਦੇ ਹੋ ? 

ਇਹਨਾਂ ਪੁਲਸ ਵਾਲਿਆਂ ਨੂੰ

ਰੂੜੀ ਮਾਰਕਾ ਦੀ ਸਹੁੰ ਕਿਹਨੇ ਪਾਈ ਹੈ ? 

ਉਸ ਅੱਥਰੇ ਬੱਚੇ ਨੂੰ

ਪੰਗੇ ਲੈਣ ਤੋਂ ਮਾਂ ਵੀ ਨਹੀਂ ਸੀ ਵਰਜਦੀ ?

ਜੇ ਰੋਗੀ ਠੀਕ ਨਹੀਂ ਸੀ ਹੁੰਦਾ 

ਤਾਂ ਡਾਕਟਰ ਹੀ ਬਦਲ ਲੈਂਦੇ ।

ਦੁਕਾਨਾਂ ਦੀ ਹਰ ਵਸਤੂ ਵਿਚ

ਬਿਜਲੀ ਦਾ ਕਰੰਟ ਕਿਹਨੇ ਛੱਡਿਆ ਹੈ ? 

ਸੋਚਦਾ ਹਾਂ

ਗਲੀਆਂ ਵਿਚ ਉੱਡਦੇ ਇਹਨਾਂ ਪੁੱਠੇ ਸਿੱਧੇ ਪ੍ਰਸ਼ਨਾਂ ਦਾ 

ਕੀ ਉੱਤਰ ਦਿਆਂ । 

📝 ਸੋਧ ਲਈ ਭੇਜੋ