ਗੱਲ ਕਰੀਏ ਨਵੀਂ ਕਿਸ ਤਰ੍ਹਾਂ ਦੋਸਤੋ,
ਇਹ ਸਦੀ ਵੀ ਗਈ ਹਰ ਸਦੀ ਵਾਂਗਰਾਂ।
ਕੋਈ ਬਣ ਕੇ ਖ਼ੁਦਾ ਕਹਿਰ ਢਾਹੁੰਦਾ ਰਿਹਾ,
ਕੋਈ ਸਹਿੰਦਾ ਰਿਹਾ – ਆਦਮੀ ਵਾਂਗਰਾਂ ?
ਖ਼ੁਦ ਨੂੰ ਖ਼ੁਦ ਨਾਲ ਹੀ ਜ਼ਰਬ ਦੇਂਦੇ ਰਹੇ,
ਖ਼ੁਦ ਨੂੰ ਖ਼ੁਦ ਨਾਲ ਤਕਸੀਮ ਕਰਦੇ ਰਹੇ,
ਸਾਡਾ ਹਾਸਲ ਤੇਰੀ ਇੰਤਜ਼ਾਰੀ ਰਿਹਾ,
ਸਾਡਾ ਅੱਜ ਵੀ ਗਿਆ ਕੱਲ੍ਹ ਹੀ ਵਾਂਗਰਾਂ ।
ਹਾਏ ! ਔੜਾਂ ਦੀ ਲੰਬੀ ਲਗਾਤਾਰਗੀ,
ਹਾਏ ! ਮਾਯੂਸ ਫ਼ਸਲਾਂ ਦੀ ਬੇਚਾਰਗੀ,
ਸਾਡੇ ਖੇਤਾਂ 'ਚ ਲਾਰੇ ਹੀ ਵਰ੍ਹਦੇ ਰਹੇ,
ਫਿਰ ਸਹੀ, ਮੁੜ ਕਦੀ, ਫਿਰ ਸਹੀ ਵਾਂਗਰਾਂ।
ਜਿਹੜੇ ਵਸਤਰ ਅਸਾਂ ਨੇ ਨਾ ਚਾਹੇ ਕਦੇ,
ਜਿਹੜੇ ਵਸਤਰ ਅਸਾਂ ਨਾ ਸਲਾਹੇ ਕਦੇ,
ਓਹੀ ਵਸਤਰ ਕਬੂਲੇ ਅਸਾਂ ਅੰਤ ਨੂੰ,
ਵਕਤ ਦੀ ਬੇਹਯਾ ਬੇਬਸੀ ਵਾਂਗਰਾਂ।
ਜਿਹੜੀ ਮਹਿਫ਼ਲ 'ਚ ਹਵਾ ਸੀ ਲੁੱਟੀ ਗਈ,
ਜਿਹੜੀ ਮਹਿਫ਼ਲ 'ਚ ਸ਼ੈਤਾਨ ਹਾਵੀ ਰਿਹਾ,
ਓਸ ਮਹਿਫ਼ਲ 'ਚ ਹਾਜ਼ਰ ਸਾਂ ਮੈਂ ਵੀ ਕਿਤੇ,
ਤੇਰੇ ਚਿਹਰੇ ਦੀ ਸ਼ਰਮਿੰਦਗੀ ਵਾਂਗਰਾਂ ।
ਤੇਰੇ 'ਕੇਸ਼ੀ ਨੂੰ ਕੀ ਹੋ ਗਿਆ ਹੈ ਭਲਾ,
ਚੁੱਪ ਚੁੱਪ ਹੈ ਹਨੇਰੀ ਗੁਫ਼ਾ ਦੀ ਤਰ੍ਹਾਂ,
ਅੱਜ ਕਲ੍ਹ ਓਹ ਕਿਸੇ ਨੂੰ ਵੀ ਮਿਲਦਾ ਨਹੀਂ,
ਜੇ ਮਿਲੇ ਤਾਂ ਮਿਲੇ ਅਜਨਬੀ ਵਾਂਗਰਾਂ ।