ਅਸੀਂ ਗੱਲ ਕਰਨੀ ਹੈ ਨੁਕਤੇ ਦੀ।
ਨਾਲ਼ੇ ਸ਼ੋਹ ’ਚ ਬਹਿ ਕੇ ਮੁਕਤੇ ਦੀ।
ਜਿਹੜਾ ਨਿੱਤ ਭੇਜਦਾ ਜੁਕਤੇ ਜੀ।
ਗੱਲ ਕਰਨੀ ਇੱਕ ਹੀ ਤੁਕ ਤੇ ਜੀ।
ਹੋਰ ਗੱਲ ’ਚ ਦਮ ਨਾ ਦਿਸਦਾ ਵੇ।
ਪਹਿਲਾਂ ਦੱਸ ਦਿਲਾ ਤੂੰ ਕਿਸਦਾ ਵੇ।
ਜਿਸ ਧਰਤੀ ਅੰਬਰ ਥਾਪੇ ਵੇ।
ਹਰ ਇੱਕ ਨੂੰ ਆਪ ਵਿਆਪੇ ਵੇ।
ਜੋ ਕਣ ਕਣ ਦੇ ਵਿੱਚ ਜਾਪੇ ਵੇ।
ਤੇ ਭਾਣੇ ਅੰਦਰ ਨਾਪੇ ਵੇ।
ਹਰ ਇੱਕ ਦੇ ਪਲ-ਪਲ ਲਿਖਦਾ ਵੇ।
ਪਹਿਲਾਂ ਦੱਸ ਦਿਲਾ ਤੂੰ ਕਿਸਦਾ ਵੇ।
ਉਹ ਕਰਤਾ ਸਭ ਕੁਝ ਕਰਦਾ ਏ।
ਉਹ ਨਿਰਭਉ, ਨਾ ਡਰਦਾ ਵੇ।
ਨਾ ਵੈਰ ਕਿਸੇ ਨਾਲ਼ ਕਰਦਾ ਏ।
ਹਰ ਇੱਕ ਦਾ ਢਿੱਡ ਵੀ ਭਰਦਾ ਏ।
ਉਹ ਹਰ ਮੂਰਤ ਵਿੱਚ ਦਿਸਦਾ ਵੇ।
ਪਹਿਲਾਂ ਦੱਸ ਦਿਲਾ ਤੂੰ ਕਿਸਦਾ ਵੇ।
ਉਹ ਜੂਨੀ ਵਿੱਚ ਨਾ ਪੈਂਦਾ ਵੇ।
ਸਦਾ ਨਾਲ ਦਿਆਲਤਾ ਰਹਿੰਦਾ ਵੇ।
ਓਹ ਸੱਚਾ ਸੱਚ ਨੂੰ ਵੇਂਹਦਾ ਏ।
ਰਹੋ ਪਿਆਰ ਨਾਲ਼ ਸਭ ਕਹਿੰਦਾ ਵੇ।
ਨਾਮ ਨਿਰੰਕਾਰ ਹੈ ਜਿਸਦਾ ਵੇ।
ਪਹਿਲਾਂ ਦੱਸ ਦਿਲਾ ਤੂੰ ਕਿਸਦਾ ਵੇ।