ਗੱਲਾਂ ਵਿੱਚੋਂ ਗੱਲ ਤੁਰੇ
ਬੰਦੇ ਸਾਰੇ ਚੰਗੇ ਬੁਰੇ
ਆਪਣੇ ਹੀ ਰਾਹੀਂ ਤੁਰੇ
ਤੁਰਿਆਂ ਨਾ ਕੋਈ ਮੁੜੇ
ਪੰਧ ਨੂੰ ਮੁਕਾਈ ਜਾਂਦੇ,
ਹਰ ਹਰ ਰਹਿੰਦੇ ਕਰਦੇ
ਤੇਰੇ ਰਾਜ ਵਿਚ ਸੱਜਣਾ,
ਏਥੇ ਗਿੱਦੜ ਕਲੋਲਾਂ ਕਰਦੇ
ਉਂਝ ਤਾਂ ਨਜ਼ਾਰੇ ਬੜੇ
ਲੁਕ ਲੁਕ ਸਾਰੇ ਖੜ੍ਹੇ
ਨਿੱਤ ਨਵਾਂ ਚੰਦ ਚੜ੍ਹੇ
ਕਾਹਦਾ ਕੋਈ ਲਿਖੇ ਪੜ੍ਹੇ
ਕਿਰਪਾ ਹੈ ਬੱਸ ਰੱਬ ਦੀ
ਤੇ ਰੱਬ ਆਸਰੇ ਕੰਮ ਰਹੇ ਚਲਦਾ
ਤੇਰੇ ਰਾਜ ਵਿੱਚ ਸੱਜਣਾ,
ਜੱਗੋਂ ਤੇਰ੍ਹਵਾਂ ਨਿਜ਼ਾਮ ਰਹੇ ਚਲਦਾ
ਰੋਟੀ ਦਾ ਕੋਈ ਹਾਲ ਨਹੀਂ
ਕੌਲੀਆਂ ‘ਚ ਦਾਲ਼ ਨਹੀਂ
ਪੁੱਛਦਾ ਕੋਈ ਹਾਲ ਨਹੀਂ
ਮਿੱਤਰਾਂ ਦੇ ਨਾਲ ਨਹੀਂ
ਨਾ ਕੋਈ ਬੰਦਾ ਖੜ੍ਹਿਆ
ਤੇ ਨਾ ਹੀ ਕੋਈ ਖੜ੍ਹਦਾ
ਤੇਰੇ ਰਾਜ ਵਿੱਚ ਸੱਜਣਾ,
ਰਹੇ ਕਾਗ਼ਜਾਂ ‘ਚ ਚੁੱਲ੍ਹਾ ਨਿੱਤ ਬਲਦਾ
ਸ਼ਮੀ ਤਾਂ ਵਿਚਾਰਾ ਜਿਹਾ
ਕੰਢੀ ਦਾ ਕਿਨਾਰਾ ਜਿਹਾ
ਸਮਝੇ ਇਸ਼ਾਰਾ ਜਿਹਾ
ਵੇਖਦਾ ਨਜ਼ਾਰਾ ਜਿਹਾ
ਰਜ਼ਾ ਵਿੱਚ ਰਹਿੰਦਾ ਰਾਜ਼ੀ
ਪੰਗੇ ਲੈਣੋਂ ਪਰ ਨਾ ਇਹ ਟਲ਼ਦਾ
ਤੇਰੇ ਰਾਜ ਵਿੱਚ ਸੱਜਣਾ
ਹਰ ਗੱਲ ਉੱਤੇ ਪੈਂਦਾ ਪੜਦਾ