ਕਿੰਨੇ ਰੂਪ ਨੇ
ਕਿੰਨੇ ਰੰਗ
ਗਲਵੱਕੜੀ ਦੇ
ਮਾਂ ਦੀ ਗਲਵੱਕੜੀ
ਨਿੱਘ ਦਾ ਅਹਿਸਾਸ ਕਰਾਉਂਦੀ
ਸੁਰੱਖਿਆ ਦਿੰਦੀ
ਇੰਜ ਜਾਪਦਾ
ਸਭ ਦੁੱਖ ਦੂਰ ਹੋ ਗਏ
ਇੰਜ ਜਾਪਦਾ ਕਹਿ ਰਹੀ ਹੋਵੇ
ਸਦਾ ਮੌਜੂਦ ਹਾਂ ਤੇਰੇ ਲਈ
ਪਿਓ ਦੀ ਗਲਵੱਕੜੀ
ਹੌਸਲਾ ਦਿੰਦੀ
ਦੁਨੀਆਂ ਨੂੰ ਜਿੱਤ ਲੈਣ ਦੀ ਤਾਕਤ ਦਿੰਦੀ
ਅਹਿਸਾਸ ਦਿਵਾਉਂਦੀ
ਕੋਈ ਹੈ ਜੋ ਤੇਰਾ ਸਾਥ ਸਦਾ ਦਏਗਾ
ਹਾਲਾਤ ਕਿਹੋ ਜਿਹੇ ਵੀ ਹੋਣ
ਧੀ ਦੀ ਗਲਵੱਕੜੀ
ਰੱਬ ਹੋਣ ਦਾ ਅਹਿਸਾਸ ਕਰਾਉਂਦੀ
ਇੰਜ ਜਾਪਦਾ
ਇਸ ਦੇ ਸਭ ਦੁੱਖ ਹਰ ਲਵਾਂ
ਉਹਦੇ ਰਾਹ ਤੇ ਸਭ ਕੰਢੇ ਚੁਗ ਲਵਾਂ
ਮਹਿਬੂਬ ਦੀ ਗਲਵੱਕੜੀ
ਰੂਹ ਨੂੰ ਠੰਡ ਪਾਉਂਦੀ
ਇੰਜ ਜਾਪਦਾ
ਇੱਕ ਮਿੱਕ ਹੋ ਗਈਅਾਂ ਦੋ ਰੂਹਾਂ
ਸੁਪਨਿਆਂ ਦੀ ਦੁਨੀਆਂ ਵਿੱਚ ਲੈ ਜਾਂਦੀ
ਜਿਵੇਂ ਕਹਿ ਰਹੀ ਹੋਵੇ
ਮੈਂ ਤੇਰੇ ਨਾਲ ਹਾਂ ਹਰ ਪਲ
ਤੇਰੇ ਹਰ ਸੁੱਖ ਦੁੱਖ ਵਿੱਚ ਸ਼ਾਮਲ
ਦੋ ਰੂਹਾਂ ਦਾ ਮੇਲ ਕਰਵਾਉਂਦੀ
ਗੁਰੂ ਦੀ ਗਲਵੱਕੜੀ
ਦੁਨਿਆਵੀ ਬੰਧਨਾਂ ਤੋਂ ਪਾਰ ਲੈ ਜਾਂਦੀ
ਗੁਰੂ ਦੀ ਸ਼ਰਨ ਵਿੱਚ ਪਹੁੰਚ
ਮੋਹ ਮਾਇਆ ਤੋਂ ਛੁੱਟ ਜਾਂਦਾ
ਆਤਮਾ ਦਾ ਪਰਮਾਤਮਾ ਨਾਲ ਮੇਲ ਕਰਵਾਉਂਦੀ
ਜਾਅਲੀ ਜੇ ਇੱਕ ਪਾਉਂਦਾ ਸਾਡਾ ਨੇਤਾ ਵੀ ਗਲਵੱਕੜੀ
ਵੋਟਾਂ ਦੇ ਦਿਨ ਨੇੜੇ ਆਉਂਦੇ
ਕਾਰਪੋਰੇਟ ਤੇ ਨੇਤਾ ਹੱਥ ਮਿਲਾਉਂਦੇ
ਪਾਉਂਦੇ ਨੇ ਗਲਵੱਕੜੀ
ਇਹ ਗਲਵੱਕੜੀ ਮਿਲ ਕੇ ਸਭ ਦਾ
ਸਾਹ ਰੋਕਣ ਦਾ ਕੰਮ ਕਰਦੀ
ਭਾਰੀ ਪੈਂਦੀ ਸਾਡੇ ਨਿੱਤ ਦੇ
ਕੰਮਾਂ ਤੇ ਗਲਵੱਕੜੀ
ਦੁਨੀਆਂ ਦਾ ਸਭ ਤੋਂ ਪਿਆਰਾ ਬੰਧਨ ਗੱਲਵੱਕੜੀ