ਪੱਕਿਆਂ ਸੰਗਲਾਂ ਦੇ ਨਾਲ 

ਏਸ ਕਰੜੀ ਗ਼ਮ-ਚੱਟਾਨ 

ਸੰਗ ਬੱਝ ਚੁੱਕੀ ਹੈ ਜਾਨ

ਮਾਨਵੀ ਪ੍ਰੋਮੀਥੀਅਸ ਦਿਓਤੇ ਸਮਾਨ।

ਕਲਪਣਾ ਵਿਚ ਵੀ ਨਾ ਖੁਲ੍ਹਦੇ 

ਹੁਣ ਉਮੀਦਾਂ ਦੇ ਕੁਆੜ

ਦੂਰ ਤੱਕ ਦਿਸਦੀ ਉਜਾੜ 

ਚੁੱਪ ਬੇਆਬਾਦ ਪਥਰੀਲੇ ਪਹਾੜ।

ਆਤਮਾ ਨਾ ਸਿਰੜ ਛੱਡੇ, 

ਨਰੜਿਆ ਅੰਗ ਅੰਗ 'ਚ ਤਾਣ 

ਤਨ 'ਚ ਹਨ ਜਦ ਤਕ ਪ੍ਰਾਣ

ਹੌਂਸਲੇ ਦਾ ਟੁੱਟਦਾ ਦਿਸਦਾ ਨਾ ਮਾਣ। 

ਯਾਦ ਦਾ ਇਕ ਬਾਜ਼ ਹਰ ਦੰਮ

ਨੋਚਦਾ ਸੀਨੇ ਦਾ ਮਾਸ

ਇਸਦੇ ਰੱਜਣ ਦੀ ਨਾ ਆਸ

ਜਿੰਨਾ ਚਿਰ ਨਹੀਂ ਮੁੱਕਦੇ ਮੇਰੇ ਸੁਆਸ।

📝 ਸੋਧ ਲਈ ਭੇਜੋ