ਗ਼ਮਾਂ ਨਾਲ ਮੈਨੂੰ ਸ਼ਫ਼ਾ ਮਿਲ ਰਹੀ ਹੈ ।
ਮਸੀਹਾ ਤੋਂ ਕੈਸੀ ਦਵਾ ਮਿਲ ਰਹੀ ਹੈ ।
ਇਹ ਕਿਸਮਤ ਹੈ ਮੇਰੀ ਕਿ ਅਜ ਤੇਰੇ ਬਾਝੋਂ
ਵਫ਼ਾਵਾਂ ਦੇ ਬਦਲੇ ਜਫ਼ਾ ਮਿਲ ਰਹੀ ਹੈ।
ਸੁਲਗਦੈ ਮਿਰਾ ਦਿਲ ਤੇਰੇ ਗ਼ਮ 'ਚ ਹਰਦਮ
ਇਹ ਕਿਉਂ ਮੈਨੂੰ ਏਨੀ ਸਜ਼ਾ ਮਿਲ ਰਹੀ ਹੈ ?
ਤਿਰੇ ਗ਼ਮ ਨੇ ਦਿਲ ਨੂੰ ਬਣਾਇਆ ਹੈ ਭਾਂਬੜ
ਇਧੀ ਅਗ ਨੂੰ ਕਿੱਦਾਂ ਹਵਾ ਮਿਲ ਰਹੀ ਹੈ।
ਤਿਹਾਇਆ ਤੇਰੇ ਬਾਝ ਉਹ ਜਾਏ ਕਿੱਥੇ
ਜਿਨੂੰ ਹਰ ਤਰਫ਼ ਕਰਬਲਾ ਮਿਲ ਰਹੀ ਹੈ।
ਮੈਂ ਬਰਬਾਦੀਆਂ ਵਿਚ ਪਨਾਹ ਭਾਲਦਾ ਹਾਂ
ਮਿਰੇ ਦਿਲ ਨੂੰ ਕਿੱਥੇ ਜਗਾ ਮਿਲ ਰਹੀ ਹੈ !
ਮਿਰੀ ਜ਼ਿੰਦਗੀ ਮੌਤ ਦਾ ਰੂਪ ਹੋਈ
ਇਹ ਕਿਸ ਗਲ ਦੀ ਮੈਨੂੰ ਸਜ਼ਾ ਮਿਲ ਰਹੀ ਹੈ ?
ਮੈਂ ਬਿਜਲੀ ਨੂੰ ਸੱਦਾਂ ਨ ਕਿਉਂ ਆਹਲਣੇ ਵਿਚ
ਇਹਦੇ ਵਿਚੋਂ ਤੇਰੀ ਅਦਾ ਮਿਲ ਰਹੀ ਹੈ ।
ਲਹੂ ਦਿਲ ਦਾ ਪੀ ਪੀ ਕੇ ਗ਼ਮ ਖਾ ਰਿਹਾ ਹਾਂ
ਇਹੋ ਮੈਨੂੰ ਅਜਕਲ ਗਿ਼ਜ਼ਾ ਮਿਲ ਰਹੀ ਹੈ।
ਤਿਰਾ ਗ਼ਮ ਉਧਾ ਗਮ, ਤਿਰਾ ਗ਼ਮ ਮਿਰਾ ਗ਼ਮ,
ਤਿਰੇ ਗ਼ਮ ਨੂੰ ਕਿੰਨੀ ਹਵਾ ਮਿਲ ਰਹੀ ਹੈ ।
ਕਰਾਂ ਨਾਜ਼ ‘ਹਮਦਰਦ' ਕਿਸਮਤ ਤੇ ਕਿਉਂ ਨਾ ?
ਇਥੇ ਵਿਚ ਉਧੀ ਮਿਹਰ ਸ਼ਾਮਿਲ ਰਹੀ ਹੈ ।