ਗ਼ਮਾਂ ਦੀ ਰਾਤ ਲੰਮੀ

ਜਾਂ ਮੇਰੇ ਗੀਤ ਲੰਮੇ ਨੇ

ਨਾ ਭੈੜੀ ਰਾਤ ਮੁੱਕਦੀ ਏ,

ਨਾ ਮੇਰੇ ਗੀਤ ਮੁੱਕਦੇ ਨੇ

ਇਹ ਸਰ ਕਿੰਨੇ ਕੁ ਡੂੰਘੇ ਨੇ

ਕਿਸੇ ਨੇ ਹਾਥ ਨਾ ਪਾਈ,

ਨਾ ਬਰਸਾਤਾਂ 'ਚ ਚੜ੍ਹਦੇ ਨੇ

ਤੇ ਨਾ ਔੜਾਂ 'ਚ ਸੁੱਕਦੇ ਨੇ

ਮੇਰੇ ਹੱਡ ਹੀ ਅਵੱਲੇ ਨੇ

ਜੋ ਅੱਗ ਲਾਇਆਂ ਨਹੀਂ ਸੜਦੇ

ਨਾ ਸੜਦੇ ਹਉਕਿਆਂ ਦੇ ਨਾਲ

ਹਾਵਾਂ ਨਾਲ ਧੁਖਦੇ ਨੇ

ਇਹ ਫੱਟ ਹਨ ਇਸ਼ਕ ਦੇ ਯਾਰੋ

ਇਹਨਾਂ ਦੀ ਕੀ ਦਵਾ ਹੋਵੇ

ਇਹ ਹੱਥ ਲਾਇਆਂ ਵੀ ਦੁਖਦੇ ਨੇ

ਮਲ੍ਹਮ ਲਾਇਆਂ ਵੀ ਦੁਖਦੇ ਨੇ

ਜੇ ਗੋਰੀ ਰਾਤ ਹੈ ਚੰਨ ਦੀ

ਤਾਂ ਕਾਲੀ ਰਾਤ ਹੈ ਕਿਸ ਦੀ ?

ਨਾ ਲੁਕਦੇ ਤਾਰਿਆਂ ਵਿਚ ਚੰਨ

ਨਾ ਤਾਰੇ ਚੰਨ 'ਚ ਲੁਕਦੇ ਨੇ

📝 ਸੋਧ ਲਈ ਭੇਜੋ