ਗਰਦ ਮੇਰੇ ਪੱਤਿਆਂ ਤੇ ਆਦਮੀ ਹੈ ਪਾ ਗਿਆ
ਰੋਸ਼ਨੀ ਦੇ ਹੁੰਦਿਆਂ ਕਾਲਾ ਹਨੇਰਾ ਛਾ ਗਿਆ।
ਉਮਰ ਭਰ ਜਿਸ ਆਦਮੀ ਮਾਣੀ ਹਵਾ ਤਾਜ਼ੀ ਮੇਰੀ
ਲੈ ਕੁਹਾੜੀ ਟਾਹਣੀਆਂ, ਬੇਦਰਦ ਹੈ ਛੰਗਾ ਗਿਆ।
ਸੜ ਚੁੱਕੇ ਜੰਗਲ ਨੂੰ ਹਰਿਆ, ਬੂਟ ਇੱਕ ਵੀ ਕਰ ਸਕੇ
ਪਰ ਬਚੇ ਉਸ ਬੂਟ ਨੂੰ ਅੱਜ ਕੌਣ ਤੀਲੀ ਲਾ ਗਿਆ।
ਕੀ ਰੁੱਖਾਂ ਤੇ ਪੱਥਰਾਂ ਵਿੱਚ, ਫ਼ਰਕ ਭੋਰਾ ਵੀ ਨਹੀਂ
ਸਬਜ਼ ਰੰਗੀ ਪਤ ਹਟਾ, ਗੀਟੇ ਹੀ ਗੀਟੇ ਲਾ ਗਿਆ।
ਆਦਮੀ ਤੇ ਰੁੱਖ ਹਮੇਸਾਂ ਆਪਸੀ ਪੂਰਕ ਰਹੇ
ਆਪਸੀ ਇਸ ਮੇਲ ਨੂੰ ਫਿਰ ਕੌਣ ਲਾਂਬੂ ਲਾ ਗਿਆ।
ਜਦ ਵੀ ਛੇੜੇਂਗਾ ਮਨੁੱਖ, ਕੁਦਰਤ ਬਣੇ ਦਸਤੂਰ ਨੂੰ
ਆਦਮੀ ਤਦ ਵੇਖਣਾ ਜਦ ਆਦਮੀ ਨੂੰ ਖਾ ਗਿਆ।
ਦੋਸਤੀ ਵਿੱਚ ਜ਼ਿੰਦਗੀ ਕੱਟਦੀ ਹੈ ‘ਉੱਪਲ’ ਸੌਖਿਆਂ
ਕੁਝ ਗਵਾ ਕੇ ਹੀ ਤਾਂ ਦੋਸਤ ਦੋਸਤੀ ਨੂੰ ਪਾ ਗਿਆ।