ਲੂੰ ਲੂੰ ਰਚਦਾ ਜਾਏ ਸੱਜਣ!
ਸਾਡੇ ਲੂੰ ਲੂੰ ਰਚਦਾ ਜਾਏ
ਇਸ਼ਕ ਦਿਲੇ ਵਿੱਚ ਧੂਣੀ ਲਾਈ
ਭਾਂਬੜ ਮਚਦਾ ਜਾਏ
ਸੱਜਣ! ਸਾਡੇ ਲੂੰ ਲੂੰ ਰਚਦਾ ਜਾਏ
ਨੈਣ ਸੱਜਣ ਦੇ ਤੇਜ਼ ਕਟਾਰਾਂ
ਹੱਲੀਆਂ ਸਾਡੇ ਦਿਲ ਦੀਆਂ ਤਾਰਾਂ
ਫੁੱਲਾਂ ਵਾਂਗੂੰ ਤਿਲ ਮੁੱਖੜੇ ਦਾ
ਨਜ਼ਰੀਂ ਜਚਦਾ ਜਾਏ,
ਸੱਜਣ ਸਾਡੇ ਲੂੰ ਲੂੰ ਰਚਦਾ ਜਾਏ
ਯਾਰ ਜਹਿਆ ਨਹੀਂ ਜੱਗ ’ਤੇ ਹੋਣਾ
ਉਹ ਹਰ ਸੋਹਣੇ ਤੋਂ ਵੱਧ ਸੋਹਣਾ
ਉਹਦੇ ਮੁੱਖ ਦੇ ਲਿਸ਼ਕਾਰੇ ਤੋਂ
ਹਰ ਕੋਈ ਬਚਦਾ ਜਾਏ,
ਸੱਜਣ ਸਾਡੇ ਲੂੰ ਲੂੰ ਰਚਦਾ ਜਾਏ
ਨਾਜ਼ੁਕ ਸ਼ੋਖ਼ ਅੰਦਾਜ਼ ਅਲਬੇਲੇ
ਅੰਗ ਅੰਗ ਦੇ ਵਿੱਚ ਮਸਤੀ ਖੇਲੇ
ਯਾਰ ਸੱਜਣ ਦੀ ਚਾਲ ਹੈ ਜਿਵੇਂ
ਮੋਰ ਇੱਕ ਨੱਚਦਾ ਜਾਏ,
ਸੱਜਣ ਸਾਡੇ ਲੂੰ ਲੂੰ ਰਚਦਾ ਜਾਏ