ਰਾਤ ਦੇ ਹਨ੍ਹੇਰੇ ਵਿੱਚ

ਮੇਰੇ ਮਨ-ਮਸਤਕ ਵਿਚਲਾ -ਗੌਤਮ 

ਨਿਕਲ ਤੁਰਦਾ ਹੈ –ਗਯਾ ਵੱਲ।

ਵੇਖਦਾ-

ਗਯਾ ਦੇ ਸਾਰੇ ਬਿਰਖ

ਸੁੱਤੇ ਪਏ ਨੇ

ਅਪਣੇ ਪੱਤਰਾਂ ਨੂੰ

ਗਲ ਲਾ ਕੇ,

ਬੋਧ ਬਿਰਖ ਵੀ

ਸੌਂ ਰਿਹਾ

ਜੀਅ ਰਿਹਾ ਹੈ

ਆਪਦਿਆ ਸੰਗ।

ਅਪਣੀ ਮਿੱਟੀ

ਛੱਡ ਭੱਜਦਾ ਨਹੀਂ ਹੈ 

ਨਿਰਵਾਣ ਵੱਲ, 

ਸੋਚਦਿਆਂ-ਸੋਚਦਿਆਂ

ਅਚਾਨਕ ਯਸ਼ੋਧਰਾ ਦਾ 

ਖ਼ਿਆਲ ਜਾਂਦੈ-

ਕੀ ਹੋਏਗਾ

ਜੇ ਉਹ ਵੀ

ਗਈ

ਮੁਕਤੀ ਲਈ

ਮੇਰੇ ਮਗਰ

ਕੀ ਕਰੇਗਾ

ਕੀ ਕਹੇਗਾ 

ਰਾਹੁਲ ਫੇਰ

ਕਦੇ ਮੁਕਤ ਨਹੀ ਕਰੇਗਾ ਸਾਨੂੰ 

ਮੁਕਤੀ ਦੇ ਇਲਜ਼ਾਮ ਤੋਂ।

ਕਾਹਲ਼ੇ ਕਦਮੀ ਪਰਤ ਜਾਂਦਾ ਹਾਂ

ਮਹਿਲਾਂ ’ਚ ਜਦ-

ਤਾਂ ਸ਼ੁਕਰ ਕਰਦਾ ਹਾਂ ਵੇਖ ਕਿ 

“ਯਸ਼ੋਧਰਾ ਅਜੇ ਜਾਗੀ ਨਹੀਂ ਹੈ"

📝 ਸੋਧ ਲਈ ਭੇਜੋ