ਅਨਹਦ ਨਾਦ, ਕਾਇਨਾਤ ਗੂੰਜਦਾ
ਬੰਦੇ ਵਿੱਚ ਰੱਬ, ਨਾਤਾ ਪਾਣੀ ਬੂੰਦ ਦਾ
ਦਿਲ ਵਿੱਚ ਰੱਬ, ਖ਼ੌਰੇ ਕਿੱਥੇ ਢੂੰਢਦਾ
ਭੁੱਲ ਬੈਠਾ ਬੰਦਾ, ਕੂੜਾ ਫ਼ਿਰੇ ਹੂੰਝਦਾ
ਭਰਮਾਂ ਦੇ ਪੈਂਡੇ, ਉਮਰਾਂ ਨੂੰ ਗਾਲ਼ਦਾ
ਰੱਬ ਰੱਬ ਕੂਕੇ, ਜੰਗਲਾਂ ‘ਚ ਭਾਲਦਾ
ਛਾ ਗਿਆ ਹਨੇਰਾ, ਨਾ ਹੈ ਦੀਵਾ ਬਾਲ਼ਦਾ
ਦੋਖੋ ਕਿਵੇਂ ਬੰਦਾ, ਆਪਾ ਆਪ ਗਾਲ਼ਦਾ
ਕਰਕੇ ਚਲਾਕੀ, ਲੱਖ ਮੱਲਾਂ ਮਾਰਦਾ
ਲੁੱਟ ਲੁੱਟ ਖਾਂਦਾ, ਫ਼ਿਰੇ ਬੰਦੇ ਚਾਰਦਾ
ਲਗਦਾ ਨਾ ਡਰ, ਆੜੀ ਸਰਕਾਰ ਦਾ
ਕਰੂਗਾ ਨਿਬੇੜਾ, ਜੋ ਹੈ ਗੁੱਡੀ ਚਾੜ੍ਹਦਾ
ਮੰਨਦਾ ਗੁਰੂ ‘ਨੂੰ’, ਗੁਰੂ ‘ਦੀ’ ਦਾ ਮੰਨਦਾ
ਸਿੱਖਿਆ ਗੁਰੂ ਦੀ, ਠੀਕਰੇ ‘ਚ ਭੰਨਦਾ
ਭੋਰਾ ਵੀ ਨਾ ਡਰ, ਕਰਮਾਂ ਦੇ ਡੰਨ ਦਾ
ਵੱਜਦਾ ਏ ਡੰਕਾ, ਸਾਡੀ ਧੰਨ ਧੰਨ ਦਾ
ਸਾਧ ਵਾਲਾ ਬਾਣਾ, ਮਨ ਹੈ ਸ਼ੈਤਾਨ ਦਾ
ਕਰੀ ਜਾਂਦਾ ਖੁਸ਼, ਦਿਲ ਪਰੇਸ਼ਾਨ ਦਾ
ਸਿੱਖ ਲਿਆ ਢੰਗ, ਲੁੱਟ ਲੁੱਟ ਖਾਣ ਦਾ
ਭੁਗਤੁਗਾ ਆਪੇ, ਰੱਬ ਸਭ ਜਾਣਦਾ
ਹਾਹਾਕਾਰ ਮੱਚੀ, ਸੁਣਦਾ ਨਾ ਰੱਬ ਜੀ
ਲੈ ਕੇ ਓਦ੍ਹਾ ਨਾਮ, ਠੱਗੀ ਜਾਂਦੇ ਠੱਗ ਜੀ
ਮਾਰ ਵੱਢ ਹੋਗੀ, ਪੈਗੇ ਛੱਤੀ ਯੱਭ ਜੀ
ਲੱਭਦਾ ਨਾ ਰਾਹ, ਹਾਰੇ ਲੱਭ ਲੱਭ ਜੀ