ਗੀਤ ਕਦੇ ਵੀ ਮਰਦੇ ਨਹੀਂ ਹੁੰਦੇ

ਗੀਤ ਕਦੇ ਵੀ ਮਰਦੇ ਨਹੀਂ ਹੁੰਦੇ 

ਤੇ ਨਾ ਹੀ ਗੀਤਾਂ ਦੇ ਸੁਦਾਗਰ  

ਸੁਰਾਂ ਹਵਾਵਾਂ ਚ 

ਸਦਾ ਹੀ ਗਾਉਂਦੀਆਂ ਰਹਿੰਦੀਆਂ ਹਨ

ਪੰਛੀਆਂ ਦੇ ਨਾਲ ਮਿਲ ਕੇ

ਤੂੰ ਵੀ ਤਾਂ ਇਕ ਗੀਤ ਹੀ ਸੀ 

ਦਿਲ ਦੇ ਵਿੱਚ 

ਲਹਿਰ ੨ ਬਣ ਜਾਣ ਵਾਲਾ  

ਇਸ ਮਿੱਟੀ ਦਾ 

ਮਿੱਟੀ ਚ ਮਿੱਟੀ ਹੋ ਜਾਣਾ ਹੀ 

ਗੀਤਾਂ ਦੀ ਰੀਤ ਹੁੰਦੀ ਹੈ 

ਕੁੱਝ ਗੀਤ ਤਾਰੇ ਬਣ ਜਗਦੇ ਨੇ 

ਤੇ ਕੁੱਝ ਸਾਜਾਂ ਦੀ ਛਣਕਾਰ

ਬਾਕੀ ਕਈਆਂ ਦੇ ਸਾਹਾਂ ਦੀ ਧੜਕਣ 

ਤੇਰੇ ਬੋਲਾਂ ਚ ਪਰਵਾਜ ਦੀ ਚਾਹਤ ਸੀ

ਜਾਂ ਕਿਸੇ ਪਜੇਬ ਦੀ 

ਛਣਕਾਰ ਦਾ ਹਾਉਕਾ 

ਤੇ ਹਾਂ ਹਾਉਕਿਆਂ ਨੂੰ ਕਈ ਵਾਰ 

ਹੰਝੂਆਂ ਦੀ ਤਕਦੀਰ ਲਗ ਜਾਂਦੀ ਹੈ 

ਬੱਦਲਾਂ ਚ ਜਦ 

ਘਟਾਵਾਂ ਬਣ ਸਜਦੀਆਂ ਨੇ 

ਵਿਚ ਤੇਰੇ ਬੋਲ ਘੋਲਦੀਆਂ ਨੇ 

ਹੁਣ ਜਦੋਂ ਕਦੇ 

ਕਿਣਮਿਣ ਹੋਇਆ ਕਰੇਗੀ 

ਤਾਂ ਤੇਰੇ ਗੀਤਾਂ ਦੀ ਸੁਰ ਵੀ 

ਨਾਲ ਕਿਰਿਆ ਕਰੇਗੀ ਸਰਦੂਲ

ਤੇ ਧੁੱਦਲ਼ ਦੀ ਮਹਿਕ ਚੋਂ 

ਤੇਰੇ ਗੀਤ ਵੱਡੇ ਹੋ ਨੱਚਿਆ ਕਰਨਗੇ 

ਤੇਰੇ ਤੇ ਤੇਰੀ ਨੂਰੀ ਵਾਂਗ

📝 ਸੋਧ ਲਈ ਭੇਜੋ