ਗੀਤ ਕਿਸੇ ਨੇ ਛੋਹਿਆ ਏ

ਗੀਤ ਕਿਸੇ ਨੇ ਛੋਹਿਆ ਏ। 

ਦਿਲ ਮੇਰਾ ਫਿਰ ਰੋਇਆ ਏ। 

ਹੂਕ ਜਹੀ ਇਕ ਨਿਕਲੀ ਏ,

ਦਰਦ ਕਲੇਜੇ ਹੋਇਆ ਏ।

ਬੰਨ ਸਬਰ ਦਾ ਟੁਟਿਆ ਏ,

ਖ਼ੂਨ ਅੱਖਾਂ ਚੋਂ ਚੋਇਆ ਏ।

 

ਅੱਖ ਬਿਰਹਣ ਦੀ ਰੋਈ ਏ,

ਸਾਗਰ ਖ਼ਾਰਾ ਹੋਇਆ ਏ। 

ਦਿਨੇ ਤੜਪਦਾ  ਰਹਿੰਦਾ ਏ,

ਰਾਤ ਕਦੀ ਨਾ ਸੋਇਆ ਏ। 

ਦਰਦ ਮੈਂ ਸਾਰੀ ਦੁਨੀਆਂ ਦਾ,

ਸ਼ਬਦਾਂ ਵਿਚ ਲਕੋਇਆ ਏ। 

ਤਨ ਦੀ ਚਾਦਰ ਛਿੱਜਦੀ ਗਈ,

ਜਿਉੰ ਜਿਉੰ ਇਸਨੂੰ ਧੋਇਆ ਏ।

ਕੱਲੀ ਬਹਿ ਕੇ ਰੋਂਦੀ ਰਹੀ,

ਕੀ ਸੁਰਜੀਤ ਨੂੰ ਹੋਇਆ ਏ। 

📝 ਸੋਧ ਲਈ ਭੇਜੋ