ਰੁਕੋ ਜ਼ਰਾ
ਸੁਪਨਿਆਂ ਨੂੰ
ਤਹਿ ਕਰ ਕੇ
ਸਿਰਹਾਣੇ ਹੇਠ
ਰੱਖ ਲਵਾਂ
ਅੱਖਾਂ ਚ ਲਿਸ਼ਕਦੀ
ਬਗ਼ਾਵਤ ਨੂੰ
ਕਾਲੀ ਐਨਕ ਹੇਠ
ਲੁਕੋ ਲਵਾਂ
ਬਾਹਰਲੇ ਸ਼ੋਰ ਦੀ ਆਵਾਜ਼ ਵਿੱਚ
ਦਬਾ ਦੇਵਾਂ
ਸੀਨੇ ਦੇ ਸ਼ੋਰ ਨੂੰ
ਆਪਣਾ ਪਤਾ ਪੁੱਛਾਂ
ਕਿਸੇ ਹੋਰ ਨੂੰ
ਵਕਤ ਜਿੱਦਾਂ ਦਾ ਵੀ ਹੈ
ਹਾਲ ਦੀ ਘੜੀ
ਗੁਜ਼ਾਰਨ ਦਾ ਵੱਲ ਸਿੱਖਾਂ
ਅਜਿਹੇ ਵੇਲਿਆਂ ਵਿੱਚ
ਜੀਉਣ ਦਾ ਇਹੋ ਢੰਗ
ਬਚਿਆ ਹੈ ਸ਼ਾਇਦ
ਇੱਕਲ ਦੇ ਇਸ ਦੌਰ ਵਿੱਚ
ਆਪਣੇ ਆਪ ਦਾ ਹੀ ਸੰਗ
ਬਚਿਆ ਏ ਸ਼ਾਇਦ
ਹੁਣ ਵੇਲਾ ਹੈ
ਆਪਣੇ ਆਪ ਤੋਂ ਹੀ
ਔਖੇ ਸਵਾਲ ਪੁੱਛਣ ਦਾ
ਇਹਨਾਂ ਵਕਤਾਂ ਚ
ਜਦੋਂ ਹੱਕ ਦੀ ਕੋਈ ਆਵਾਜ਼
ਸੁਣਾਈ ਨਹੀਂ ਦਿੰਦੀ
ਸੱਚ ਦੀ ਕੋਈ ਸੂਰਤ
ਦਿਖਾਈ ਨਹੀਂ ਦਿੰਦੀ
ਇਹਨਾਂ ਵਕਤਾਂ ਚ
ਆਪਣੇ ਸੱਚ ਨਾਲ
ਸੰਵਾਦ ਕਰੀਏ
ਜੋ ਭੁੱਲ ਚੁੱਕੇ ਹਾਂ
ਉਹ ਮੰਤਰ ਯਾਦ ਕਰੀਏ
ਕਾਲੀ
ਬੋਲੀ
ਹਨੇਰੀ
ਰਾਤ ਅੰਦਰ
ਜੇ ਰੌਸ਼ਨੀ ਦੀ ਕੋਈ
ਲਕੀਰ ਨਹੀਂ ਦਿੱਸਦੀ
ਤਾਂ ਫ਼ਿਰ ਜਗਦੇ ਬੁੱਝਦੇ
ਜੁਗਨੂੰਆਂ ਨੂੰ ਟੋਲੀਏ
ਆਪਣਾ ਆਪਾ ਫ਼ਰੋਲੀਏ
ਰਤਾ ਕੁ ਰੁਕੀਏ
ਪੈਰਾਂ ਨਾਲ ਹੀ ਸਹੀ
ਰਸਤਾ ਟਟੋਲੀਏ
ਸਫ਼ਰ ਜੇ ਦੁਸ਼ਵਾਰ ਹੈ
ਤਾਂ ਕਿਸੇ ਗੀਤ ਨੂੰ
ਹਮਸਫ਼ਰ ਬਣਾ ਲਈਏ
ਕੁਝ ਤੁਰ ਲਈਏ
ਕੁਝ ਗਾ ਲਈਏ