ਗੀਤਾਂ ਦੇ ਵਾਰਸ

ਆ ਮੇਰੇ ਗੀਤਾਂ ਦੇ ਵਾਰਸ

ਆ ਮੇਰੀ ਕੁਝ ਵਾਟ ਵੰਡਾ ।

ਮੈਂ ਹੰਭ ਚੱਲਿਆ ਹਾਂ ਭੰਵਰਾਂ 'ਚੋਂ,

ਕਿਸ਼ਤੀ ਕੰਢਿਆਂ ਨੇੜ ਲਿਜਾ ।

ਇਸ ਵਿਚ ਸੂਹੇ ਸਾਵਣ ਜਿਹੀਆਂ

ਲੱਦੀਆਂ ਕੁੱਝ ਸੱਧਰਾਂ ।

ਜਾਂ ਕੁੱਝ ਵਿਆਜ ਵੀਰਾਂ ਦੇ ਸਿਰ ਦਾ

ਚਾਅ ਜੇ ਤਾਰ ਸਕਾਂ ।

ਆ ਮੇਰੇ ਗੀਤਾਂ ਦੇ ਵਾਰਸ ।

ਆ ਮੇਰੀ..................

ਇਸ ਵਿਚ ਸ਼ਹਿਦ ਉਹਨਾਂ ਬੱਚਿਆਂ ਲਈ

ਜੋ ਪੱਤਲਾਂ ਚੱਟਦੇ ।

ਉਸ ਬਸਤੀ ਦਾ ਚਾਨਣ ਜਿਸ ਤੋਂ,

ਚੰਨ ਪਾਸਾ ਵੱਟਦੇ ।

ਜਿਸ ਦੀ ਮੱਸਿਆ ਪੂਰਨਮਾਸ਼ੀ ਭਾਲੇ ਖੀਰ ਕੜਾਹ

ਆ ਮੇਰੇ ਗੀਤਾਂ ਦੇ ਵਾਰਸ ।

ਆ ਮੇਰੀ..................

ਖਾਣਾਂ ਵਿਚ ਘਿਰਿਆਂ ਦੀਆਂ ਇਸ ਵਿਚ

ਜਿਊਣ ਦੀਆਂ ਸੱਧਰਾਂ ।

ਉਸ ਚੋਗੀ ਦੀ ਪਤ ਜੁ ਚਾਹੁੰਦੀ

ਬੇਪਤ ਨਾ ਪਰਤਾਂ ।

ਕੁਝ ਮੋਇਆਂ ਦੇ ਖ਼ੂਨ ਦੇ ਦੀਵੇ,

ਇਸ ਵਿਚ ਲਿਆ ਟਿਕਾਅ

ਆ ਮੇਰੇ ਗੀਤਾਂ ਦੇ ਵਾਰਸ ।

ਆ ਮੇਰੀ..................

ਮਗਰਮੱਛਾਂ ਤੇ ਤੰਦੂਆਂ ਹੈ ਸਨ

ਰਾਹ ਵਿਚ ਜਾਲ ਤਣੇ ।

ਪਰ ਕਿਸ਼ਤੀ ਮੈਂ ਸਿਰੜ ਸਹਾਰੇ

ਖਿੱਚ ਲਈ ਜਾਲ ਸਣੇ ।

ਮੇਰੇ ਮਨ ਵਿਚ ਯਾਰਾਂ ਦਾ ਹੈ,

ਸਦੀਆਂ ਤੋਂ ਈ ਸ਼ੁਦਾ

ਆ ਮੇਰੇ ਗੀਤਾਂ ਦੇ ਵਾਰਸ

ਆ ਮੇਰੀ ਕੁਝ ਵਾਟ ਵੰਡਾ ।

ਮੈਂ ਹੰਭ ਚੱਲਿਆ ਹਾਂ ਭੰਵਰਾਂ 'ਚੋਂ,

ਕਿਸ਼ਤੀ ਕੰਢਿਆਂ ਨੇੜ ਲਿਜਾ ।

📝 ਸੋਧ ਲਈ ਭੇਜੋ