ਠੀਕ ਘਟਨਾਵਾਂ ਤੇ ਕੀਤੀ ਘਟ ਨਹੀਂ
ਕੋਈ ਘਟਨਾ ਪਰ ਬਣੀ ਨਾ ਤਜ਼ਰਬਾ,
ਲੰਘ ਜਾਂਦੇ ਮਗ਼ਜ਼ ਦੇ ਵਿਚ ਦੀ ਖ਼ਿਆਲ
ਸਰਕੜੇ ਵਿਚ ਦੀ ਜਿਵੇਂ ਲੰਘਦੀ ਹਵਾ।
ਜ਼ਿੰਦਗੀ ਕੁੜ੍ਹਦੀ ਫਿਰੇ ਵਿਸ਼ਵਾਸ ਬਿਨ,
ਸੇਧ ਨਹੀਂ, ਹਰਕਤ ਨਿਰੀ, ਮੰਤਵ ਨਹੀਂ।
ਦਿਲ 'ਚ ਖੋਹ ਵੀ, ਦਰਦ ਵੀ, ਰੋਹ ਵੀ ਰਹੇ,
ਪਰ ਕਦੀ ਬਣਦਾ ਕੋਈ ਕਰਤਵ ਨਹੀਂ।
ਬਹੁਤ ਕੁਝ ਸੁਣਿਆ ਤੇ ਚਖਿਆ, ਦੇਖਿਆ,
ਸੁੰਘਿਆ ਛੋਹਿਆ ਹੈ ਪਰ ਪੁਣਿਆ ਨਹੀਂ,
ਕਲ੍ਹ ਦੀ ਗੱਲ ਕਲ੍ਹ ਹੋ ਕੇ ਰਹਿ ਗਈ,
ਕਲ੍ਹ ਵਿਚੋਂ ਭਲਕ ਨੂੰ ਗੁਣਿਆ ਨਹੀਂ।
ਮਨ ਸ਼ੁਦਾਈ ਭਟਕਦਾ ਇਕ ਸੜਕ 'ਤੇ
ਕਾਗਤਾਂ ਦੇ ਟੁਕੜਿਆਂ ਨੂੰ ਚੁਗ ਰਿਹਾ।
ਜੋੜ ਕੇ ਪੜ੍ਹਦਾ, ਲੜੀ ਜੁੜਦੀ ਨਹੀਂ
ਉਡੀਕਦੀ ਏ ਜਿੰਦ ਸੰਦੇਸਾ ਕਿਹਾ?