ਘਾਹ ਵਰਗੇ ਬੰਦੇ ਦੀ ਦਾਸਤਾਨ

ਬੋਤੇ ਚਾਰਦਾ ਤੇਰਾ ਸਰਵਣ ਵੀਰ

ਬੋਤਿਆਂ ਨੇ ਚਰ ਲਿਆ ਹੈ, ਭੈਣੇ

ਓਸ ਹੁਣ ਤੈਨੂੰ ਮਿਲਣ ਨਹੀਂ ਆਉਣਾ

ਜੀ ਤਾਂ ਬੜਾ ਕਰਦਾ ਸੀ

ਕਿ ਕੇ ਸੱਸ ਤੇਰੀ ਤੋਂ

ਲੁਕਾ ਕੇ ਰੱਖਿਆ ਘਿਓ ਕਢਵਾਵਾਂ

ਜਾਂ ਸੁੱਕੀ ਖੰਡ ਦੀ ਕੌਲੀ

ਉਹਦੇ ਮੱਥੇ 'ਚ ਚੁੱਕ ਮਾਰਾਂ,

ਪਰ ਨਾ ਮੁਰਾਦ ਬੋਤਿਆਂ ਦਾ ਅਜਬ ਕਿੱਸਾ ਹੈ

ਨਾ ਇਹ ਆਪੂੰ ਨਜ਼ਰ ਆਉਂਦੇ ਨੇ

ਨਾ ਉਡਦੀ ਧੂੜ ਦਿਸਦੀ ਹੈ

ਬਸ ਬੁੱਟਾਂ ਦੇ ਚਰਨ ਦੀ ਆਵਾਜ਼ ਸੁਣਦੀ ਹੈ

ਜਦ ਉਹ ਵਾਗੀਆਂ ਦੇ ਗੀਤਾਂ ਨੂੰ ਨਿਘਾਰ ਰਹੇ ਹੁੰਦੇ ਹਨ

ਮੇਰੇ ਤਾਂ ਚਿੱਤ 'ਚ ਸੀ

ਕਿ ਬੋਤਿਆਂ ਲਈ ਮੇਰੀਆਂ ਅੱਖਾਂ ਵਿਚ

ਫੈਲੀ ਹੋਈ ਹਰਿਆਵਲ ਹੀ ਕਾਫ਼ੀ ਹੈ

ਪਰ ਜਦ ਉਨ੍ਹਾਂ ਮੇਰੇ ਹੱਥ ਖਾਧੇ

ਤੇਰੇ ਜੋਤ-ਵਿਹੂਣੇ ਅੰਮਾਂ 'ਤੇ ਬਾਬਲ

ਮੇਰੇ ਵਹਿੰਗੀ ਨਾ ਚੁੱਕ ਸਕਣ ਬਾਰੇ

ਕੁਝ ਵੀ ਸਮਝ ਨਹੀਂ ਸਕੇ

ਤੇ ਹੁਣ ਤੇਰਾ ਇੰਜੜੀ ਦਾ ਚਾਅ

ਪਿੰਡ ਦੀ ਹੱਦ ਉਤਲੀ ਕਿੱਕਰ 'ਤੇ ਟੰਗਿਆ ਪਿਆ ਹੈ

ਕਿਸੇ ਅਣਵਰਤੇ ਖੱਫ਼ਣ ਵਾਂਗ,

ਭੈਣੇ, ਸਰਫ਼ੇ ਦੀਆਂ ਪੈਲੀਆਂ ਨੂੰ

ਮੱਛਰੇ ਬੋਤੇ ਲਿਤਾੜੀ ਜਾ ਰਹੇ ਹਨ

📝 ਸੋਧ ਲਈ ਭੇਜੋ