ਗ਼ਮ ਦੀ ਧੁੱਪੋਂ ਪਿਆਰ ਨਗਰ ਦਾ

ਗ਼ਮ ਦੀ ਧੁੱਪੋਂ ਪਿਆਰ ਨਗਰ ਦਾ, ਰੰਗ ਸਲਾਮਤ ਰੱਖੀਂ

ਇਹ ਮੇਰੇ ਚਾਵਾਂ ਦੀ ਰੱਬਾ, ਮੰਗ ਸਲਾਮਤ ਰੱਖੀਂ

ਧੜਕਣ-ਧੜਕਣ ਲੂੰ- ਲੂੰ ਮੇਰਾ, ਹਰ ਦਮ ਕਰੇ ਦੁਆਵਾਂ,

ਰਹਿੰਦੀ ਦੁਨੀਆਂ ਤੀਕਰ ਦਿਲ ਦਾ, ਸੰਗ ਸਲਾਮਤ ਰੱਖੀਂ

ਦੇਸ ਦੀਆਂ ਮੁਟਿਆਰਾਂ ਰੀਝਾਂ, ਚਾਵਾਂ ਨਾਲ ਹੰਢਾਵਣ,

ਸੱਧਰ ਸੋਨੇ ਨਾਲ ਘੜਾਈ, ਵੰਗ ਸਲਾਮਤ ਰੱਖੀਂ

ਜਿੱਥੇ ਹੀਰ ਸਲੇਟੀ ਨੇ ਸੀ, ਸੱਧਰ ਪੀਘਾਂ ਪਾਈਆਂ,

ਉਹ ਰਾਂਝੇ ਦਾ ਚਾਵਾਂ ਭਰਿਆ, ਝੰਗ ਸਲਾਮਤ ਰੱਖੀਂ

ਭਾਵੇਂ ਬਦਨ'ਮਲੂਕ'ਜਿਹਾ ਇਹ, ਲਹੂ ਵਿਚ ਰੰਗਿਆ ਜਾਵੇ,

ਉਹਦਿਆਂ ਹੱਥਾਂ ਦੇ ਵਿਚ ਰੱਬਾ, ਸੰਗ ਸਲਾਮਤ ਰੱਖੀਂ

📝 ਸੋਧ ਲਈ ਭੇਜੋ