ਕਿੱਥੇ ਬਚਦੇ ਨੇ ਬੰਦਿਆਂ ਬਗੈਰ ਘਰ

ਟੁੱਟ ਜਾਂਦੇ ਹਨ ਖੁਰ ਜਾਂਦੇ ਹਨ

ਹੱਥੀਂ ਬਣਾਏ ਲਿੱਪੇ ਪੋਚੇ ਇਤਿਹਾਸ ਦੇ ਪੰਨੇ

ਨਕਸ਼ ਪਏ ਰਹਿ ਜਾਂਦੇ ਹਨ ਘਰਾਂ 'ਚ

ਹੰਝੂ ਕਿਰੇ ਰਹਿ ਜਾਂਦੇ ਹਨ ਦਰਾਂ 'ਚ

ਛੁਹਾਂ ਰਹਿ ਜਾਂਦੀਆਂ ਹਨ ਜਿੰਦਰਿਆਂ 'ਤੇ

ਮੁੱਖਾਂ 'ਤੇ ਚੁੰਮਣਾਂ ਵਾਂਗ ਪਿਆਰ

ਜਿਵੇਂ ਬੰਸਰੀ ਦੇ ਛੇਕਾਂ 'ਤੇ ਬੁੱਲਾਂ ਦੇ

ਰਾਗ ਸਹਿਕਦੇ ਰਹਿੰਦੇ ਹਨ

ਸਾਰੀ ਉਮਰ ਦਾ ਪਿਆਰ ਸਤੰਭ ਥਾਪਦਾ ਹੈ ਆਦਮੀ

ਹਨ੍ਹੇਰਿਆਂ ਚੋਂ ਮਿੱਟੀ ਦੀਆਂ ਮੁੱਠਾਂ ਭਰ ਭਰ

ਅੱਖਾਂ ਤੇ ਰੱਖ ਰੱਖ ਨਵੇਂ ਨਵੇਂ ਸੁਪਨੇ

ਨਾ ਟੁੱਟਣ ਵਾਲੀਆਂ ਪੱਕੀਆਂ ਪੱਕੀਆਂ

ਇੱਟਾਂ ਦਾ ਓਟ ਆਸਰਾ ਲੈ

ਗੀਤ ਦੀਆਂ ਸਤਰਾਂ ਵਾਂਗ ਚਿਣਦਾ ਹੈ ਖੁਸ਼ੀਆਂ

ਸਾਹਾਂ ਨਾਲ ਮਿਣਦਾ ਹੈ ਉੱਚੀਆਂ ਹੁੰਦੀਆਂ ਆਸਾਂ

ਨਕਸ਼ੇ ਹੱਦਾਂ ਇੱਟਾਂ ਪੱਥਰਾਂ ਦੀ ਲੰਬੀ ਉਮਰ

ਅੰਬਰ ਨੂੰ ਹੱਥ ਲਾਉਣ ਵਾਲੀ ਛੱਤ

ਗੁਰੂਆ ਦੀਆਂ ਤੇ ਆਪਣੀਆਂ ਫ਼ੋਟੋਆਂ ਲਾ ਲਾ ਸਜਾਉਂਦਾ

ਮੋਰ ਬੂਟੇ ਪਾਉਂਦਾ ਹੈ

ਰਸੋਈ ਦੀਵਾਰਾਂ ਦਰਾਂ ਦੇ ਭਵਿੱਖ 'ਤੇ

ਘਰ ਦੀਵਾਰਾਂ

ਗਿੱਧਿਆਂ ਵਿਆਹਾਂ ਪਾਠਾਂ ਅਨੰਦਮਈ ਗੀਤਾਂ

ਕਾਰ ਵਿਹਾਰਾਂ ਡੰਗਰ ਵੱਛੇ ਬਗੈਰ

ਰੁੱਖਾਂ ਦੇ ਰਾਖਿਆਂ ਤੋਂ ਬਾਂਝੇ

ਕਲੇਸ਼ਾਂ, ਸਰਾਪਾਂ, ਹਾਸਿਆਂ ਰੋਸਿਆਂ ਬਿਨ

ਹੌਲੀ ਹੌਲੀ ਤੁਰਦੇ ਘਰ ਬੁੱਢੇ ਹੋ ਜਾਂਦੇ ਹਨ

ਖੁਰਦੇ ਭੁਰਦੇ ਡਿੱਗਣ ਢਹਿਣ ਲੱਗ ਪੈਂਦੇ ਹਨ

ਰੋਸ਼ਨਦਾਨਾਂ ਤੋਂ ਰਿਸ਼ਮਾਂ ਡਰਨ ਲੱਗ ਜਾਂਦੀਆਂ ਹਨ

ਬੰਦ ਬੂਹਿਆਂ 'ਤੋਂ ਓਹੀ ਕੰਜ਼ਕਾਂ ਘਬਰਾ ਕੇ ਲੰਘਦੀਆਂ ਹਨ

ਪ੍ਰਾਹੁਣੇ, ਲਲਕਾਰੇ, ਚਾਅ

ਹਾਉਕਿਆਂ ਦੇ ਪਹਿਰਾਵੇ ਪਹਿਨ ਲੈਂਦੇ ਹਨ

ਸਾਰਾ ਸਾਰਾ ਦਿਨ ਲਿਟਣ ਵਾਲੇ ਯਾਰ

ਕਈ ਕਈ ਦਿਨ ਰਹਿਣ ਵਾਲੀਆਂ ਮਾਸੀਆਂ ਮਾਸੜ

ਭੂਆ ਫੁੱਫੜ ਵੀ ਨਹੀਂ ਵੜ੍ਹਦੇ ਓਸੇ ਘਰ 'ਚ ਫਿਰ

ਚੌਕੀਦਾਰ ਹੋਕਾ ਵੀ ਦੇਣੋ ਹਟ ਜਾਂਦਾ ਹੈ ਨੇੜੇ ਕੇ

ਨਾਨਕ ਦਾ ਸ਼ਬਦ ਵੀ ਨਹੀਂ ਬੋਲਦਾ

ਜੋ ਤੜਕੇ ਹੀ ਹਨ੍ਹੇਰੇ 'ਚ ਘੁੰਮਣ ਲਗ ਜਾਂਦਾ ਸੀ

ਚਾਟੀਆਂ ਮਧਾਣੀਆਂ ਦੁਆਲੇ

ਖੁਰਲੀਆਂ ਟੋਂਹਦਾ ਵਿਹੜੇ ਸੰਬ੍ਹਰਦਾ

ਰੁੜ੍ਹ ਜਾਂਦੇ ਹਨ ਇਸ ਤਰ੍ਹਾਂ

ਰੰਗਾਂ ਢੰਗਾਂ ਅੱਡੀਆਂ ਚੱਕ ਚੱਕ ਉਸਾਰੇ ਮੀਨਾਰ

ਲੰਬੀਆਂ ਡੋਰਾਂ ਨਾਲ ਉੱਚੇ ਚੜੇ ਪਤੰਗ

ਘਰ ਪਰੇਤਾਂ ਦੇ ਅੱਡੇ ਬਣ ਜਾਂਦੇ ਹਨ

ਬਚਪਨ, ਜਵਾਨੀ ਤੇ ਸਾਰੀਆਂ ਖੇਡਾਂ ਗੁਆਚ ਜਾਂਦੀਆਂ ਹਨ

ਉਹਨਾਂ ਹੀ ਵਿਹੜਿਆਂ ਰਸੋਈਆਂ ਵਿਚ

ਜਿੱਥੇ ਚੰਦ ਸੂਰਜ ਨਾਲ ਬਹਿ ਬਹਿ ਟੁੱਕ ਮਾਣਦੇ ਸਾਂ

ਲੋਹੜੀਆਂ, ਵਿਸਾਖੀਆਂ

ਦੁਸਹਿਰੇ ਨੇੜਿਓਂ ਲੰਘਣੋਂ ਘਬਰਾਉਣ ਲਗਦੇ ਹਨ

ਅੰਦਰ ਤਾਂ ਕੀ ਆਉਣਾ

ਮੀਹਾਂ ਦੀ ਮਾਰ

ਹੱਥੀਂ ਕੀਤੀਆਂ ਕਲੀਆਂ ਤੇ ਰੰਗਾਂ ਦੇ

ਨਕਸ਼ ਵਗਾੜ ਦਿੰਦੀ ਹੈ

ਬੂਹੇ ਚਿਰਾਂ ਵਾਂਗ ਟੱਕਰੇ ਯਾਰਾਂ ਵਾਂਗ

ਮੱਥਿਆਂ ਤੇ ਹੱਥ ਰੱਖ ਰੱਖ ਪਛਾਣਦੇ ਹਨ

ਗਲਵੱਕੜੀਆਂ ਦੀ ਛੁਹ ਬਗੈਰ

ਰਾਤਾਂ ਬਾਤਾਂ ਲੋਰੀਆਂ ਦੇ ਸੰਗੀਤ ਦੇ ਗੁਆਚਣ ਨਾਲ

ਸੁੰਗੜ ,ਸਹਿਮ, ਮਰ ਜਾਂਦੇ ਹਨ ਘਰ

ਕਿਰਲੀਆਂ, ਮੱਕੜੀਆਂ, ਚੂਹਿਆਂ, ਚਾਮਚੜਿਕਾਂ

ਜੋਗੇ ਰਹਿ ਜਾਂਦੇ ਹਨ ਘਰ

ਇੱਕੱਲੇ ਓਦਰੇ, ਰੋਂਦੇ ਵਿਰਲਾਪਦੇ ਇੱਕਲਾਪੇ 'ਚ

ਖੰਡਰਾਤ, ਪਰੇਤ ਵਾਸ ਬਣ ਜਾਂਦੇ ਹਨ ਘਰ

ਸੂਰਜ ਨਹੀਂ ਝਾਕਦੇ ਅਜੇਹੇ ਘਰਾਂ ਵੱਲ

ਚੰਦ ਨਹੀਂ ਨਿਕਲਦੇ ਰਾਤਾਂ ਨੂੰ ਉਹਨਾਂ ਦੀਆਂ ਛੱਤਾਂ ਉਪਰ

ਹਵਾਵਾਂ ਡਰ ਡਰ ਲੰਘਦੀਆਂ ਹਨ

ਭੰਗੜੇ ਗਿੱਧੇ ਡਰਦੇ ਹਨ, ਵਿਹੜਿਆਂ ਡਿਓੜੀਆਂ 'ਤੋਂ

ਹੌਲੀ ਹੌਲੀ ਲੰਗੜਾ ਲੰਗੜਾ ਤੁਰਦੇ, ਚੇਤਿਆਂ ਚੋਂ ਡੁੱਲ ਜਾਂਦੇ ਹਨ

ਸਾਹਾਂ ਚੋਂ ਗੁਆਚ ਜਾਂਦੇ ਹਨ

ਰੌਣਕਾਂ ਤੋਂ ਤਿਲਕ ਜਾਂਦੇ ਹਨ

ਕੱਲੇ ਖੜ੍ਹੇ ਖੜ੍ਹੇ ਘਰ-ਸਾਜਣਵਾਲਿਆਂ ਨੂੰ ਉਡੀਕਦੇ

ਭੁੱਖਾਂ ਪਿਆਸਾਂ ਆਸਾਂ ਸਵਾਦਾਂ ਨੂੰ ਸਾਂਭਦੇ

ਬਚਪਨ ਵੀ ਨਹੀਂ ਖੇਡਣ ਦਿੰਦੇ

ਬੇਰ ਵੀ ਨਹੀਂ ਤੋੜਨ ਦਿੰਦੇ

ਚਿੜੀਆਂ ਕਬੂਤਰਾਂ ਨੂੰ ਵੀ ਪਛਾਣ ਕੇ ਬੈਠਣ ਦਿੰਦੇ ਹਨ

ਕਾਵਾਂ ਨੂੰ ਝੱਟ ਉਡਾ ਦਿੰਦੇ ਹਨ

ਸ਼ਰੀਕ ਸਾਂਭੀ ਬੈਠੇ ਹਨ ਘਰ

ਤਾਰੀਖ ਸਾਂਭੀ ਬੈਠੀ ਹੈ ਘਰ

ਲੀਕ ਸਾਂਭੀ ਬੈਠੀ ਹੈ ਘਰ

ਉਡੀਕ ਸਾਂਭੀ ਬੈਠੀ ਹੈ ਘਰ

ਅੱਖਾਂ 'ਚ ਬੁੱਕ ਬੁੱਕ ਲਟਕਦੇ ਅੱਥਰੂ ਲੈ ਕੇ ਬੈਠੇ ਹਨ ਘਰ

📝 ਸੋਧ ਲਈ ਭੇਜੋ