ਘਰ ਸਦੀਆਂ ਲਈ ਸਮਝਿਆ

ਜੋ ਕਦੇ ਬਸੇਰਾ ਸਨ

ਅਗਲੇ ਮਾਲਕਾਂ ਦੀਆਂ ਤਕਦੀਰਾਂ ਬਣ ਗਏ ਹਨ

ਜਿਹਨਾਂ ਨੇ ਉਸਾਰੇ ਸਨ

ਉਹਨਾਂ ਦੇ ਅੰਗੂਠਿਆਂ ਦੇ ਨਿਸ਼ਾਨ ਬਾਕੀ ਨੇ

ਪਏ ਨੇ ਦੇਖਣ ਨੂੰ

ਭਵਿੱਖ ਦੇ ਸਿਰਨਾਵੇਂ ਲਿਖਣ ਨੂੰ

ਬੁੱਢੀਆਂ ਬਾਰੀਆਂ ਬੂਹੇ ਬਣ ਗਏ ਹਨ ਘਰ

ਫ਼ਰੇਮਾਂ 'ਚ ਜੜੀਆਂ ਤਸਵੀਰਾਂ ਰਹਿ ਗਏ ਹਨ

ਕਬਰਾਂ ਦੀ ਪ੍ਰਕਰਮਾ ਕਰ ਰਹੇ ਸੂਰਜ ਨੇ ਘਰ

ਖਾਬਾਂ ਨੂੰ ਲੱਗੇ ਜਾਲੇ ਹਨ ਘਰ

ਯਾਦਾਂ ਤੇ ਮੁਰਾਦਾਂ 'ਚ ਜਾਮ ਹੋਈਆਂ ਬਿਰਧ ਉਮੀਦਾਂ ਹਨ

ਪੱਲੇ 'ਚ ਰਹਿ ਗਏ ਚਾਵਾਂ ਨੂੰ ਵਾਰ ਵਾਰ

ਰਵਾਉਣ ਵਾਲੇ ਪੁਰਾਣੇ ਯਾਰ ਹਨ ਘਰ

ਜੀਵਨ ਰਾਹ ਨੂੰ ਲੱਗੀ ਸਿਉਂਕ ਕਹਿ ਲਓ

ਮੀਂਹਾਂ ਮਾਰੀ ਕਣਕ ਦੀ

ਜਾਂ ਆਖਰੀ ਮਹਿਕ ਵਰਗੇ ਹੋ ਸਕਦੇ ਨੇ ਘਰ

ਹੁਣ ਉਹਨਾਂ ਨੂੰ ਚੇਤਿਆਂ 'ਚ ਵਸਾ ਕੇ

ਦਰਾਂ 'ਤੇ ਤੇਲ ਚੁਆ ਆਉਣਾ ਅਤੀਤ ਦੀ ਨਿੰਦਾ ਹੈ

ਵਰਤਮਾਨ ਨਾਲ ਦਗਾ ਹੈ

ਖਮਖਾਹ ਦੀਵਾਰਾਂ ਥੱਲੇ ਸਿਰ ਦੇਣ ਦਾ ਨਾਟਕ ਹੈ

ਘਰ ਤੰਗੀਆਂ ਤੁਰਸ਼ੀਆਂ 'ਚੋਂ

ਲੰਘਣ ਵਾਲੇ ਅੰਗਿਆਰਾਂ ਦੇ ਢੇਰ ਹਨ

ਅੰਨ ਬਾਲਣ ਦੇ ਵੱਡੇ ਵੱਡੇ ਸਟੋਰ ਹਨ ਘਰ

ਸਿਮਟੇ ਹੋਏ ਚਾਅ ਨੇ ਪੁਰਾਣੇ

ਜੇ ਘਰਾਂ ਤੋਂ ਸੂਰਜ ਚੜ੍ਹਦੇ

ਤਾਂ ਉਪਨਿਸ਼ਦਾਂ ਨੇ ਪੰਨਿਆਂ ਦੇ ਸੀਨੇ ਨਹੀਂ ਸਨ ਖੋਲਣੇ

ਓਪਰੀਆਂ ਉਡੀਕਾਂ 'ਚ ਬੈਠਣ ਵਾਲੇ ਨੇ ਇਹ ਬੁੱਤ

ਉਧਾਰੀਆਂ ਰੌਸ਼ਨੀਆਂ ਤੇ ਜਿਊਣ ਵਾਲੇ ਨੇ ਇਹ ਰੌਸ਼ਨਦਾਨ

ਕਿੰਨੇ ਕੁ ਸਜਾਈਏ ਇਹਨਾਂ ਦੇ ਗੀਤ

ਇਹਨਾਂ ਦੇ ਬਨੇਰਿਆਂ 'ਤੇ ਬੈਠੇ ਗੋਲੇ ਕਬੂਤਰਾਂ ਨੂੰ

ਕਿੰਨੀਆਂ ਕੁ ਕਰੀਏ ਅਰਦਾਸਾਂ

ਕਿੰਨੀ ਕੁ ਦੂਰ ਲੈ ਕੇ ਜਾਣਗੇ ਇਹ ਅਣਪਹੀਏ ਗੱਡੇ

ਬੇਅਰਥ ਨੇ ਇਹਨਾਂ ਦੇ ਚਰਨਾਂ 'ਚ ਹੰਝੂ ਕੇਰਨੇ

ਇਹਨਾਂ ਦੇ ਖੂੰਝਿਆਂ 'ਚੋਂ ਦਾਦੀ ਦੀਆਂ ਝਿੜਕਾਂ ਲੱਭਣੀਆਂ

ਕਿੰਨਾ ਕੁ ਹੁਣ ਆਖੇ ਲਗਦੇ ਰਹੀਏ

ਇਹਨਾਂ ਬੇਜਾਨ ਖੰਡਰਾਤਾਂ ਦੇ

ਜੀਵਨ 'ਚੋਂ ਗੁਆਚੀਆਂ ਬਾਤਾਂ ਦੇ

ਕਿਤੇ ਯਾਦਾਂ ਦੀ ਪਈ ਛੁਹ ਨਹੀਂ ਦਿਸਦੀ

ਅੰਮੜੀ ਦਾਦੀ ਲੋਅ ਨਹੀਂ ਦਿਸਦੀ

ਕੀ ਸੁਣਾਈਏ ਦੀਵਾਰਾਂ ਨੂੰ ਰਾਤ 'ਚ

ਅੱਭੜਵਾਹੇ ਉੱਠੀਆਂ ਚੀਸਾਂ ਨੂੰ

ਬੇਵੱਸ ਬੈਠੇ ਹਨ ਘਰ

ਇਹਨਾਂ ਨਾਲ ਰਿਸ਼ਤੇ ਰੱਖ ਕੇ

ਉਮਰਾਂ ਨਹੀਂ ਲੱਗਣੀਆਂ

ਕੱਦ ਵੀ ਨਹੀਂ ਹੋਣੇ ਵੱਡੇ

ਚੁੱਪ ਰਹਿਣ ਦਿਓ ਇਹਨਾਂ ਨੂੰ ਖੜੇ ਜਾਂ ਸੁੱਤੇ

ਕੁੜੀਆਂ ਜ਼ਨਾਨੀਆਂ ਦੀਆਂ ਤ੍ਰਿੰਝਣਾਂ ਦੇ ਪਰਛਾਵੇਂ ਹਨ ਘਰ

ਨਿੰਦਾ ਬਦਖੋਹੀਆਂ ਦੇ ਬੋਲ ਹਨ ਉੱਜੜੇ ਘਰ

ਮੰਜ਼ਿਲਾਂ ਦੀਆਂ ਪੈੜਾਂ 'ਚ ਕੰਡੇ ਰੋੜੇ ਨੇ ਘਰ

ਬਾਪ ਦਾਦੇ ਦੀਆਂ ਝਿੜਕਾਂ ਦਬਕੇ ਨੇ ਇਹ ਬੂਹੇ

ਬਚਪਨ ਦੇ ਨਾ ਪੂਰੇ ਹੋਏ ਸੁਪਨੇ ਨੇ ਇਹ ਘਰ

ਰਾਂਝਣ ਨੂੰ ਨਾ ਮਿਲਣ ਜਾਣ ਦੇਣ ਵਾਲੇ ਬੰਦ ਦਰਵਾਜ਼ੇ ਨੇ

ਇੱਟਾਂ ਸੀਮਿੰਟ 'ਚ ਲਪੇਟੇ ਤੌਖ਼ਲੇ ਨੇ ਘਰ

ਕੁੜੀਆਂ ਬੱਚਿਆਂ ਦੇ ਆਖ਼ਰੀ ਨਿਰਆਸਰੇ ਨੇ

ਬੇਨਿੱਘ ਓਵਰ ਕੋਟ ਰਜਾਈਆਂ ਬਣ ਬੈਠੇ ਨੇ ਇਹ ਘਰ

ਲੋਕੋ ਇਹਨਾਂ ਨੂੰ ਯਾਦਾਂ 'ਚੋਂ ਝਾੜ ਦਿਓ ਤਾਂ ਚੰਗਾ

ਇਹਨਾਂ ਦਾ ਸਹਿਕਦਾ ਇਤਿਹਾਸ ਸਾੜ ਦਿਓ ਤਾਂ ਚੰਗਾ

ਘਰਾਂ ਦਾ ਇਕ ਇਕ ਵਰਕਾ ਪਾੜ ਦਿਓ ਤਾਂ ਚੰਗਾ

ਚੇਤਨਾ ਸੰਗ ਸੂਰਜ ਰਿਸ਼ਮਾਂ ਕਾੜ੍ਹ ਦਿਓ ਤਾਂ ਚੰਗਾ

📝 ਸੋਧ ਲਈ ਭੇਜੋ