ਘਰ ਆਏ ਹੋਏ ਸਜਣਾਂ ਨੂੰ, ਮੈਂ ਟੋਰ ਗਵਾਇਆ ਕੀਹ ਕੀਤਾ

ਘਰ ਆਏ ਹੋਏ ਸਜਣਾਂ ਨੂੰ, ਮੈਂ ਟੋਰ ਗਵਾਇਆ, ਕੀਹ ਕੀਤਾ?

ਪਥੱਰ ਤੋਂ ਪੱਕ ਇਰਾਦੇ ਨੂੰ, ਕੰਮਜ਼ੋਰ ਬਣਾਇਆ, ਕੀਹ ਕੀਤਾ?

ਦਿਲ ਉੱਤੇ ਕੁਝ ਤਹਿਰੀਰਾਂ ਸਨ, ਰੰਗੀਨ ਕਈ ਤਸਵੀਰਾਂ ਸਨ,

ਯਾਦਾਂ ਦੀ ਵਰਸ਼ਾ ਦੀ ਰਿੰਮ ਝਿੰਮ, ਸਭ ਖੋਰ ਗਵਾਇਆ, ਕੀਹ ਕੀਤਾ?

ਅਣ-ਕੀਤੇ ਜੁਰਮ ਕਬੂਲਣ ਤੇ, ਦੁਖ, ਦਰਦ, ਅਜ਼ਾਬ ਵਸੂਲੇ ਨੇਂ,

ਬਸ ਪਿਆਰ ਤੋਂ ਤੌਬਾ ਨਾ ਕੀਤੀ, ਦਸ ਹੋਰ ਖ਼ੁਦਾਇਆ, ਕੀਹ ਕੀਤਾ?

ਅਮਰੀਕੀ ਲੋਕਾਂ ਦੇ ਚਿਹਰੇ, ਏਹ ਸੋਚਣ ਤੇ ਮਜਬੂਰ ਕਰਨ,

ਇਹਸਾਸ ਤੋਂ ਵਾਂਜੇ ਲੋਕਾਂ ਲਈ ਕਿਉਂ ਲਹੌਰ ਗਵਾਇਆ, ਕੀਹ ਕੀਤਾ?

ਮਾੜੇ ਦੇ ਅੰਦਰ ਭਾਜੜ ਕਿਉਂ, ਮਾਯੂਸੀ ਦੀ, ਨਿਰਾਸ਼ਾ ਦੀ,

ਦੌਲਤ ਨੇ ਗ਼ੁਰਬਤ ਦਾ ਏਨਾਂ, ਕਿਉਂ ਘੋਲ ਕਰਾਇਆ, ਕੀਹ ਕੀਤਾ?

ਵੇਖ ਉਸਦੇ ਰੂਪ ਨੂੰ ਅੱਲ੍ਹਾ ਦੀ, ਤਅਰੀਫ਼ ਹੀ ਬਸ ਮੈਂ ਕੀਤੀ ਸੀ,

ਮਗ਼ਰੂਰ ਜਿਹੇ ਇਕ ਬੰਦੇ ਨੂੰ, ਚਿਤ ਚੋਰ ਬਣਇਆ, ਕੀਹ ਕੀਤਾ?

ਸੱਚੇ ਟੁਰ ਟੁਰ ਕੇ ਸੂਲ਼ਾਂ ਤੇ, ਚੁਪ ਚਾਪ ਚੜ੍ਹੇ ਜਾ ਸੂਲ਼ੀ ਤੇ,

ਝੂਠੇ ਲੋਕਾਂ ਓਹਨਾਂ ਪਿੱਛੇ, ਜਦ ਢੋਲ ਵਜਾਇਆ, ਕੀਹ ਕੀਤਾ?

ਧੱਮੀ ਵੇਲ਼ੇ, ਮੇਰੇ ਖ਼ਾਬੀਂ, ਓਹ ਆਕੇ ਹਾਲੀ ਬੈਠਾ ਸੀ,

ਚੜ੍ਹਦੇ ਸੂਰਜ ਦੇ ਚਾਨਣ ਨੇ, ਕਿਉਂ ਆਣ ਜਗਾਇਆ, ਕੀਹ ਕੀਤਾ?

'ਅਸ਼ਰਫ਼' ਨੇ ਰੀਝਾਂ ਨਾਲ ਬੜੀ, ਫੁੱਲਾਂ ਦੀ ਪੌਦ ਲਗਾਈ ਸੀ,

ਬਦ-ਨੀਅਤਾਂ ਓਸ ਪਨੀਰੀ ਵਿਚ, ਜਾ ਥੋਰ ਰਲ਼ਾਇਆ, ਕੀਹ ਕੀਤਾ?

📝 ਸੋਧ ਲਈ ਭੇਜੋ