ਘਰ 'ਚ ਆ ਕੇ ਵੀ ਤਿਰੇ ਮੂੰਹ ਤੋਂ

ਘਰ 'ਚ ਕੇ ਵੀ ਤਿਰੇ ਮੂੰਹ ਤੋਂ ਮੁਖੌਟਾ ਉੱਤਰਦਾ ਨਹੀਂ।

ਹਰ ਕਿਸੇ ਨੂੰ ਦੱਸਣਾ ਪੈਂਦੈ ਕਿ ਤੂੰ ਕੁਈ ਓਪਰਾ ਨਹੀਂ।

ਅੱਡ ਹੋ ਕੇ ਰੁੱਖ ਤੋਂ ਹੈ ਹੋ ਗਈ ਪਾਗਲ ਹਵਾ,

ਕੌਣ ਆਖੇ ਛੱਤ ਤੇ ਦੀਵਾਰ ਦਾ ਰਿਸ਼ਤਾ ਨਹੀਂ।

ਮਨ ਦੀ ਬੇ-ਚੈਨੀ ਤਿਰੀ ਚਿਹਰੇ ਤਿਰੇ ਤੇ ਛਾ ਗਈ,

ਦੇਖ ਲੈ ਸ਼ੀਸ਼ਾ ਕਿ ਖ਼ੁਦ ਨੂੰ ਦੇਖਣਾ ਧੋਖਾ ਨਹੀਂ।

ਇਹ ਕਿਹੀ ਹੈ ਕੈਫ਼ੀਅਤ ਕਿ ਫ਼ਾਸਲੇ ਤਾਂ ਮਿਟ ਗਏ,

ਗੱਲ ਤੋਰਨ ਨੂੰ ਮਗਰ ਕੋਈ ਵਿਸ਼ਾ ਲੱਭਦਾ ਨਹੀਂ।

ਨਾ ਕੁਈ ਸ਼ਿਕਵਾ, ਸ਼ਿਕਾਇਤ ਨਾ ਉਲਾਂਭਾ ਨਾ ਗਿਲਾ,

ਜਿਸ ਤਰ੍ਹਾਂ ਉਹ ਤੁਰ ਗਿਆ ਰੁੱਸਕੇ ਕੋਈ ਰੁੱਸਦਾ ਨਹੀਂ।

ਫਿਰ ਥਲਾਂ ਦਾ ਸਿਲਸਿਲਾ ਪੈਰਾਂ ਦੇ ਅੱਗੇ ਗਿਆ,

ਏਸ ਤੋਂ ਅੱਗੇ ਕੁਈ ਝਰਨਾ, ਨਦੀ, ਰਸਤਾ ਨਹੀਂ।

ਇਸ ਤਰ੍ਹਾਂ ‘ਅਜਮੇਰ’ ਲੰਘੇ ਹਾਂ ਤਿਰੇ ਬਾਜ਼ਾਰ 'ਚੋਂ,

ਹਰ ਨਜ਼ਰ ਤੋਂ ਤੀਰ ਖਾਧੇ ਜ਼ਖ਼ਮ ਵੀ ਦਿਸਦਾ ਨਹੀਂ।

📝 ਸੋਧ ਲਈ ਭੇਜੋ