ਘਰ ਘਰ ਕਿੰਨੇ ਹੈਨ ਪਵਾੜੇ ਧਰਤੀ 'ਤੇ

ਘਰ ਘਰ ਕਿੰਨੇ ਹੈਨ ਪਵਾੜੇ ਧਰਤੀ 'ਤੇ ।

ਮੈਂ ਲੀਕਾਂ ਕਿਸ ਕਿਸ ਦੇ ਹਾੜ੍ਹੇ ਧਰਤੀ 'ਤੇ ।

ਜ਼ਰਦਾਰਾਂ ਨੇ ਚੰਨ ਤੇ ਪੀਘਾਂ ਪਾ ਲਈਆਂ,

ਰਹਿ ਗਏ ਮੇਰੇ ਵਰਗੇ ਮਾੜੇ ਧਰਤੀ 'ਤੇ ।

ਆਜਾ ਮੁੱਕ ਨਾ ਜਾਵੇ ਰਾਤ ਵਿਸਾਲਾਂ ਦੀ,

ਸੱਜਣਾ! ਜੀਵਨ ਚਾਰ ਦਿਹਾੜੇ ਧਰਤੀ 'ਤੇ ।

ਰਾਤ ਨੇ ਅੱਖ ਚੋਂ ਅੱਥਰੂ ਕੇਰੇ ਸ਼ਬਨਮ ਦੇ,

ਜਦ ਧੁੱਪਾਂ ਨੇ ਫੁੱਲ ਲਿਤਾੜੇ ਧਰਤੀ 'ਤੇ ।

ਉਸ ਹਾਕਮ ਨੂੰ ਠੱਲ ਪਈ ਨਾ ਪਰਜਾ ਤੋਂ,

ਰੋਜ਼ ਨਵਾਂ ਚੰਨ ਜਿਹੜਾ ਚਾੜ੍ਹੇ ਧਰਤੀ 'ਤੇ ।

ਮੁਨਸਫ਼ ਜੇ ਕਰ ਦਿਲੋਂ ਤੇ ਜਾਨੋਂ ਅਦਲ ਕਰੇ,

ਬੰਦਾ ਕਿਸੇ ਦਾ ਕੱਖ ਨਾ ਸਾੜੇ ਧਰਤੀ ਤੇ ।

ਚਾਵਾਂ ਵਾਲੀ ਮਹਿੰਦੀ ਸੱਜਰੀ ਰਹਿੰਦੀ ਏ,

ਲੁੱਟੇ ਜਾਂਦੇ ਰੀਝ ਦੇ ਲਾੜ੍ਹੇ ਧਰਤੀ 'ਤੇ ।

ਕਿੰਨੇ ਮੁੱਖ'ਮਲੂਕ' ਸੀ ਗਿਣ ਗਿਣ ਦੱਸਾਂ ਮੈਂ,

ਗ਼ਮ ਨੇ ਕਿੰਨੇ ਸੂਲੀ ਚਾੜ੍ਹੇ ਧਰਤੀ 'ਤੇ ।

📝 ਸੋਧ ਲਈ ਭੇਜੋ