ਘਰ ਘਰ ਪਿੰਜਰੇ

ਘਰ ਘਰ ਪਿੰਜਰੇ

ਘਰ ਘਰ ਜੇਲਾਂ

ਬੂਹਿਆਂ ਦੀਆਂ ਨਜ਼ਰਾਂ

ਹਰ ਵੇਲੇ ਉਹਨਾਂ 'ਤੇ

ਅਰਸ਼ 'ਤੇ ਪੱਬ ਰੱਖਣ ਤਾਂ ਕਦ

ਚੰਨ ਨੂੰ ਛੁਹਣ ਤਾਂ ਕਿਹੜੇ ਪਹਿਰ

ਉਮਰਾਂ ਦੇ ਗੀਤ ਗਾਉਣ ਤਾਂ ਕਿੱਥੇ

ਰੀਝਾਂ ਸੁੱਕਣੇ ਪਾਉਣ ਤਾਂ ਕਿੱਥੇ

ਕਿੱਥੇ ਲਕੋਣ ਹਾਸੇ ਤੇ ਸੰਗਾਂ

ਕਿਹੜੀ ਧਰਤ ਉਹਨਾਂ ਦੀ

ਰੀਝਾਂ ਨੇ ਚੁੰਨੀ ਲੜ ਬੰਨ੍ਹੀਆਂ

ਚੈਨ ਲੈਣ ਨਾ ਵੰਗਾਂ

ਪਿਆਰ ਕਰਨ ਤਾਂ ਕਿਹਨੂੰ

ਇਸ਼ਕ ਕਰਨ ਤਾਂ ਕਿੱਥੇ

ਜੀਭੀਂ ਜਿੰਦਰੇ

ਪਰਾਂ ਨੂੰ ਪਿੰਜਰੇ

ਉਹ ਚਾਹੁਣ ਕਿਸੇ ਸਿਤਾਰੇ ਦੀ

ਪਲਕ ਬਣ ਫ਼ਰਕਣਾ

ਮਹਿਫ਼ਲ 'ਚ ਵਾਰ ਵਾਰ ਕਿਸੇ ਦੀ

ਨਜ਼ਰ ਦੀ ਤਰੰਨਮ ਛੇੜਨਾ

ਅੰਦਰੀਂ ਬਣ ਨਾ ਸਿਸਕਣਾ

ਕੁਆਰੀ ਤੜਪਣ ਮਰ ਜਾਵੇ

ਤਾਂ ਕਈ ਪਿੰਡ ਸਰਾਪੇ ਜਾਂਦੇ ਹਨ

ਸੱਧਰ ਹਿੱਕ 'ਚ ਵਿਲਕਦੀ ਰਹਿ ਜਾਵੇ

ਤਾਂ ਸਦੀਆਂ ਦੀ ਪਿੱਠ ਤੇ ਜ਼ਖ਼ਮ ਰਹਿ ਜਾਂਦੇ ਹਨ

ਕਿੱਕਲੀ ਦੀ ਰੁੱਤੇ

ਪਰਵਾਜ਼ਾਂ ਨਹੀਂ ਫ਼ੜੀਦੀਆਂ

ਮੁਹੱਬਤ ਦੀ ਗਲੀ ਨਮਾਜ਼ਾਂ ਨਹੀਂ ਪੜ੍ਹੀਦੀਆਂ

ਉਡਦੀਆਂ ਬੱਦਲੀਆਂ ਦੇ ਖੰਭ ਨਹੀਂ ਖੋਹੀਦੇ

ਰੋਂਦੇ ਜੇਹੇ ਝਨਾਂ ਦੇ ਪੰਨੇ ਨਹੀ ਛੋਹੀਦੇ

ਇਸ਼ਕ ਤਾਂ ਹਰ ਥਾਂ ਅੰਬਰ ਸਾਂਝੇ

ਰੁੱਖ ਰੁੱਖਾਂ 'ਚ ਗਾਉਂਦੇ ਰਾਂਝੇ

ਉੱਡਣ ਦੀ ਉਮਰਾ ਰੋਕ ਨਾ ਅੜੀਏ

ਦਿਲ ਦੀ ਪੌੜੀ ਅਸਮਾਨੀਂ ਚੜ੍ਹੀਏ

ਥੱਲ ਥੱਲ ਬੱਦਲ ਤਾਰੇ ਪੜ੍ਹੀਏ

ਡੁੱਲ੍ਹਣ ਸੁਗੰਧੀਆਂ ਦੱਸ ਹੋਰ ਕੀ ਕਰੀਏ

ਕੀ ਕੰਮ ਇਹ ਫੁੱਲ ਗੁਲਾਬੀ

ਨੱਕੋ ਨੱਕ ਸ਼ਬਾਬ ਉਨ੍ਹਾਬੀ

ਰੱਖ ਲੈਣ ਦੇ ਚੰਨ ਸਾਹਾਂ ਦੇ ਵਿਚ

ਉੱਡਦੀਆਂ ਜਾਂਦੀਆਂ ਬਾਹਾਂ ਦੇ ਵਿਚ

ਚੁੱਪ ਜੇਹੇ ਵਗਦੇ ਰਾਹਾਂ ਦੇ ਵਿਚ

ਚਿਰੋਂ ਪਿਆਸੀਆਂ ਆਹਾਂ ਦੇ ਵਿਚ

📝 ਸੋਧ ਲਈ ਭੇਜੋ