ਘਰ ਮੇਰੇ ਆ ਕੇ ਬੜਾ

ਘਰ ਮੇਰੇ ਕੇ ਬੜਾ ਹੀ ਰੋ ਗਿਆ ਉਹ

ਦਾਗ਼ ਦਿਲ ਦੇ ਕੋਲ ਬਹਿ ਕੇ ਧੋ ਗਿਆ ਉਹ।

ਰੋ ਪਿਆ ਜਦ ਗੀਤ ਮੈਂ ਬਿਰਹਾ ਦਾ ਗਾਇਆ

ਰਾਗ ਸੁਣ ਬੈਰਾਗ਼ ਦੇ ਵਿੱਚ ਖੋਹ ਗਿਆ ਉਹ।

ਪਿਆਰ ਦਾ ਪੌਦਾ, ਤਾਂ ਬਾਗੀਂ ਖਿੜ ਪਿਆ ਸੀ

ਫਿਰ ਨਾ ਜਾਣੇ ਕਿਉਂ ਬਟੇਰਾ ਹੋ ਗਿਆ ਉਹ।

ਮੌਸਮੇ ਬਰਸਾਤ ਵਿੱਚ, ਹਸਦਾ ਤੇ ਗਾਉਂਦਾ

ਰੁਣਝੁਣੇ ਮੋਰਾਂ ਤਰ੍ਹਾਂ ਅੱਜ ਮੋਹ ਗਿਆ ਉਹ।

ਜ਼ੁਲਮ, ਗੁਰਬਤ ਤੇ ਬਿਮਾਰੀ ਸੀ ਚੁਫ਼ੇਰੇ

ਇਕ ਮਸੀਹਾ ਬਣ ਕੇ ਦੁਖੜੇ ਧੋ ਗਿਆ ਉਹ।

ਰੁੱਤ ਫਿਜ਼ਾ, ਫੁੱਲ, ਘਰ, ਜ਼ਮੀ, ਸਭ ਛੱਡ ਨਜ਼ਾਰੇ

ਬਾਦਸ਼ਾਹ ਸੀ ਬੇਪਨਾਹ ਅੱਜ ਹੋ ਗਿਆ ਉਹ।

ਧੂੜ, ਮਿੱਟੀ, ਤੇ ਸੱਨਾਟਾ, ਸੀ ਸ਼ਹਿਰ ਵਿੱਚ

ਬੌਖਲਾ ਕੇ ਦਿਨ ਦਿਹਾੜੇ ਸੋ ਗਿਆ ਉਹ।

ਖਿੜ ਗਏ ਨੇ ਫੁੱਲ, ਫ਼ਿਜ਼ਾ ਹੈ ਗੁਲਸਿਤਾਂ ਵਿੱਚ

ਬਣਕੇ ਭੰਵਰਾ, ਹਰ ਕਲੀ ਨੂੰ, ਛੋਹ ਗਿਆ ਉਹ।

ਨਫ਼ਰਤਾਂ ਦੇ ਕੱਢ ਹਨੇਰੇ ਯਾਰ ‘ਉੱਪਲ’

ਦੇ ਮੁਹੱਬਤਾਂ ਦੀ ਸਦੀਵੀ ਲੋਅ ਗਿਆ ਉਹ।

📝 ਸੋਧ ਲਈ ਭੇਜੋ