ਘਰ
ਘਰ ਨਹੀਂ ਰਹਿੰਦੇ
ਜਦੋਂ ਤੱਕ ਘਰ ਨੂੰ ਅਰਮਾਨਾਂ ਦੀ ਛੁਹ ਨਹੀਂ ਮਿਲਦੀ
ਜਿਵੇਂ ਲਫ਼ਜ਼ਾਂ ਨੂੰ ਸ਼ਾਇਰ ਹੱਥਾਂ ਕਲਮਾਂ ਦੀਆਂ ਬਾਂਹਾਂ
ਗੋਰੀਆਂ ਸੁੰਨੀਆਂ ਵੀਣੀਆਂ ਨੂੰ ਵੰਗਾਂ
ਚੂੜੀਆਂ ਰੰਗ ਬਿਰੰਗੀਆਂ
ਨਜ਼ਮ ਮਰ ਜਾਂਦੀ ਹੈ ਕੁਰਲਾਉਂਦੀ
ਜਦ ਤੱਕ ਉਸਨੂੰ
ਉਸਦਾ ਸਿਰਜਣਹਾਰ ਨਹੀਂ ਮੂਹਰੇ ਹੋ ਕੇ ਟੱਕਰਦਾ
ਬੂਹਿਆਂ ਤੇ ਜਦ ਤੱਕ ਕੋਈ ਆਉਂਦਾ ਨਹੀਂ ਰਾਂਝਣ ਰਾਜਾ ਬਣ ਕੇ
ਘਰ ਕੁੱਝ ਵੀ ਨਹੀਂ ਹੁੰਦੇ
ਕੁਆਰੀ ਬਣੀ ਵਹੁਟੀ ਦੀਆਂ ਪੰਜੇਬਾਂ ਦੀ ਛਣਕਾਰ ਦੇ ਬਾਝ
ਮਹਿੰਦੀ ਦੇ ਗੀਤਾਂ ਬਗੈਰ
ਘਰ ਖ਼ਾਲੀ ਜਿਹੇ ਹੀ ਰਹਿ ਜਾਂਦੇ ਹਨ
ਜੇ ਘਰਾਂ ਵਿੱਚ ਰੌਣਕਾਂ ਹਾਉਕਿਆਂ ਹੰਝੂਆਂ ਦੀ ਵੀ ਸੁਰ ਤਾਲ ਨਾ ਰਹੇ
ਘਰ ਇਕੱਲੇ ਹਾਸੇ ਹੀ ਨਹੀਂ ਹੁੰਦੇ
ਵਿਹੜਿਆਂ ਦੇ
ਰਾਗ ਸੁਰਾਂ ਵੀ ਹੁੰਦੀਆਂ ਹਨ
ਝੱਲੀਆਂ ਤੰਗੀਆਂ ਦੀਆਂ
ਵੰਗਾਂ ਦੇ ਅਣਗਾਏ ਰਾਗ ਵੀ ਹੁੰਦੇ ਹਨ ਘਰ
ਘਰ ਦਰ ਬੂਹੇ ਬਾਰੀਆਂ
ਨਿੱਕਿਆਂ ਦੀ ਤੋਤਲੀ ਬੋਲੀ ਦੀ
ਵਰਣਮਾਲਾ ਵੀ ਹੁੰਦੇ ਹਨ
ਏਦਾਂ ਹੀ ਹੌਲੀ ਹੌਲੀ
ਲਵ ਮੈਰਿਜ ਵਾਂਗ ਤਿੜਕ ਕੇ
ਮਕਾਨ ਬਣ ਜਾਂਦੇ ਹਨ ਓਹੀ ਘਰ
ਸਰਘੀ ਰੰਗੇ ਦਿਨਾਂ ਦੀ ਆਹਟ ਬਿਨ
ਸਵੇਰੇ ਦੇ ਭੁੱਲੇ ਵਾਕ ਤੋਂ ਬਗੈਰ
ਬਿਨ ਮਰਦਾਨੇ ਦੀ ਰਬਾਬ ਤੋਂ
ਬਿਨ ਝਾਂਜਰ ਦੇ ਸ਼ਬਾਬ ਤੋਂ
ਵਟਣੇ ਦੀ ਸੁਗੰਧ ਬਿਨ
ਹੁਸਨ ਦੀ ਛਣਕ ਬਿਨ
ਮਿਟ ਜਾਂਦੇ ਹਨ ਓਹੀ ਘਰ
ਅਤੀਤ ਦੇ ਝੱਖੜਾਂ ਹਨੇਰਿਆਂ ਵਿਚ
ਕਿੱਲੀਆਂ ਤੇ ਟੰਗੀਆਂ ਯਾਦਾਂ ਦੇ
ਅੰਗਿਆਰਾਂ ਵਾਂਗ ਝਾਕਦੇ ਵਿਲਕਦੇ
ਦਫ਼ਨ ਹੁੰਦੇ
ਬੁੱਝ ਜਾਂਦੇ ਹਨ ਆਪਣੇ ਆਪ
ਰੌਸ਼ਨ ਬਨੇਰਿਆਂ ਤੋਂ ਓਹੀ ਹਸਦੇ ਵਸਦੇ ਆਲ੍ਹਣੇ
ਘਰ ਮਸਾਣਾਂ ਦਾ ਇਤਿਹਾਸ ਹੋ ਨਿਬੜਦੇ ਹਨ
ਹਰੇ ਹੋਏ ਲਟਕਦੇ ਅੱਥਰੂ
ਢੱਠੇ ਹੋਏ ਸੁਪਨਿਆਂ ਦੇ ਪਿੰਜਰ
ਕਿਤੇ ਦੂਰ ਚੇਤਿਆਂ ਵਿਚ ਜਗਦੇ ਬੁਝਦੇ ਚਿਰਾਗ
ਘਰ
ਮੋਈਆਂ ਇਟਾਂ ਦਾ ਵਿਰਲਾਪ ਬਣ ਕੇ
ਰਹਿ ਜਾਂਦੇ ਹਨ
ਗਲੀਆਂ ਬਾਜ਼ਾਰਾਂ ਵਿੱਚ ਨਿਲਾਮ ਹੋਏ ਖ਼ਾਬ ਕੌਡੀਆਂ ਦੇ ਭਾਅ
ਮਾਵਾਂ ਦੇਵੀਆਂ ਦੀ ਪੂਜਾ ਬਗੈਰ
ਛੱਤ ਤੇ ਡਿੱਗੇ ਅਸਮਾਨ ਹੁੰਦੇ ਹਨ ਬਾਪੂ ਵਰਗੇ
ਖੰਡਰਾਤ ਪਿੰਡ ਦੇ
ਯਾਦਾਂ ਲਿਖੀਆਂ ਚੇਤਿਆਂ ਵਿਚ
ਟੁੱਟੇ ਪੰਘੂੜੇ ਹੁੰਦੇ ਹਨ ਮਕਾਨ ਬਣੇ ਘਰ
ਚੰਨ ਗਰਾਹੀਆਂ ਲਈ ਵਿਲਕਦੇ
ਸੁੱਕੇ ਬੁੱਲ੍ਹ ਹੁੰਦੇ ਹਨ ਮਕਬਰਿਆਂ ਵਰਗੇ
ਤਿਲ਼ ਤਿਲ਼ ਜੋੜੀ
ਭਾਨ ਦੇ ਗੁਆਚੇ ਸਿੱਕੇ
ਕਿੱਲੀ ਤੇ ਟੰਗੀ ਮਧਾਣੀ
ਜੋ ਸੌ ਸੌ ਗੀਤ ਲਿਖ ਕੇ ਗਾਉਂਦੀ ਸੀ ਰੋਜ਼
ਦਰਾਂ ਤੇ ਮਰਦੀਆਂ ਚਿੱਠੀਆਂ
ਗੁਆਚੇ ਸਿਰਨਾਵੇਂ ਹੁੰਦੇ ਹਨ
ਕਿਲਕਾਰੀਆਂ ਮਾਰ ਮਾਰ ਖੇਡਦੇ ਘਰ
ਜਦੋਂ ਕੋਈ
ਤਾਨਾਸ਼ਾਹ ਮੌਸਮ
ਹਵਾ ਨੂੰ ਕਹੇ ਕਿ
ਵਗਣਾ ਮਨ੍ਹਾ ਹੈ
ਦਰਿਆ ਨੂੰ ਕਹੇ
ਵਹਿਣਾ ਮਨ੍ਹਾ ਹੈ
ਚੁੱਪ ਕਰ ਜਾ
ਸ਼ਾਂਤ ਹੋ ਕੇ ਬਹਿ ਜਾ
ਤਾਂ ਸਮਝਣਾ
ਜ਼ਰੂਰੀ ਹੈ ਵਗਣਾ
ਵਹਿਣ ਦਾ ਇਹੀ ਸਮਾਂ ਹੈ
ਜ਼ਿੰਦਾ ਰਹਿਣ ਲਈ
ਸੱਚ ਕਹਿਣ ਲਈ
ਆਤਮ ਸਨਮਾਨ ਲਈ
ਭਾਸ਼ਾ ਦੀ ਲਿੱਪੀ
ਓਦੋਂ ਹੀ ਜਿਉਂਦੀ ਰਹਿੰਦੀ ਹੈ
ਵਰਣਮਾਲਾ ਓਦੋਂ ਹੀ ਕੁਝ ਕਹਿੰਦੀ ਹੈ