ਘਰ ਸਨ
ਘਰਾਂ ਨੂੰ ਦੌੜਦੇ ਸਨ ਸੂਰਜ
ਸਾਰਾ ਸਾਰਾ ਦਿਨ ਥੱਕ ਟੁੱਟ ਕੇ
ਭੁੱਖ ਲੱਗਦੀ ਸੀ ਬੂਹਿਆਂ ਦੀ
ਮੋਹ ਜਾਗਦੇ ਸਨ ਦਰਾਂ ਦੇ
ਓਹੀ ਘਰ
ਜਿਸ ਦਿਨ ਦੇ ਮਕਾਨ ਬਣ ਗਏ ਹਨ
ਕਿਸੇ ਦੀ ਵੀ ਰੂਹ ਨਹੀਂ ਕਰਦੀ ਘਰਾਂ ਨੂੰ ਪਰਤਣ ਲਈ
ਮਕਾਨਾਂ 'ਚ ਕਿਹੜਾ ਜਾਂਦਾ ਹੈ ਅੱਜਕਲ੍ਹ
ਕਿਹੜਾ ਲਾਉਂਦਾ ਹੈ ਨੇਹ
ਬਿਨ ਤਸਵੀਰਾਂ ਦੀਵਾਰਾਂ ਨਾਲ
ਜਿਹਨਾਂ ਬੋਟਾਂ ਲਈ ਆਲ੍ਹਣੇ ਉਸਾਰੇ
ਸਾਰੇ ਹੀ ਫੁੱਟਦਿਆਂ ਪਰਾਂ ਦੇ ਸਹਾਰੇ
ਧਰਤ ਅਕਾਸ਼ਾਂ ਨੂੰ ਅਲਵਿਦਾ ਕਹਿ ਉੱਡ ਗਏ
ਘਰ ਮਕਾਨ ਬਣ ਗਏ ਸਨ ਓਦਣ
ਖੇਤਾਂ 'ਚ ਖੜ੍ਹੀਆਂ ਫਸਲਾਂ ਸਿਸਕੀਆਂ ਸਨ ਓਸ ਦਿਨ
ਇੰਜ ਪਿੰਡ ਪਿੰਡ ਹੋਇਆ
ਸ਼ਹਿਰਾਂ ਦੀਆਂ ਗਲੀਆਂ ਵੀ ਸੁੰਨੀਆਂ ਹੋਈਆਂ
ਛੱਤਾਂ ਚੋਈਆਂ ਸਨ ਹੰਝੂਆਂ ਨਾਲ ਸਾਰੀ ਸਾਰੀ ਰਾਤ
ਅੰਬਰ ਉੱਚੇ ਹੋ ਗਏ
ਡਿਉੜੀਆਂ 'ਚ ਉਡੀਕਾਂ ਜੁੜ ਜੁੜ
ਉਡੀਕਣ ਲੱਗੀਆਂ ਖਤ
ਜਾਂ ਫੋਨਾਂ ਦੇ ਰੋਗ ਲੱਗੇ
ਅਸੀਸਾਂ ਕੱਤਣ ਲੱਗੀਆ
ਆਪਣੇ ਰਾਹ ਆਪ ਸੁੰਨੇ ਕਰ
ਭੁੱਖਾਂ ਦੀਆਂ ਚੀਸਾਂ ਜਾਗੀਆਂ
ਤਾਰਿਆਂ ਦੇ ਸਹਾਰੇ ਟੁੱਟੇ
ਰਾਤਾਂ ਨੂੰ ਉਨੀਂਦਰੀਆਂ ਅੱਖਾਂ ਦੇ ਸਰਾਪ ਲੱਗੇ
ਫੋਨਾਂ ਦੀਆਂ ਅਵਾਜ਼ਾਂ ਨਾਲ ਟੁੱਕ ਪੱਕਣ ਲੱਗੇ
ਕਦੇ ਕਦੇ ਰੋਣ ਤੇ ਹੱਸਣ ਲੱਗੇ
ਥੱਕੇ ਟੁੱਟੇ ਆਏ ਦਿਨ
ਭੁੱਖ ਨਾਲ ਅੰਦਰ ਵੜ ਵੜ ਹੰਝੂਆਂ ਨਾਲ
ਸਰ੍ਹਾਣੇ ਭਿਓਣ ਲੱਗੇ
ਯਾਰਾਂ ਨੂੰ ਨਾ ਦੱਸਦੇ
ਮਾਂਵਾਂ ਦੀਆਂ ਰੀਝਾਂ ਵਾਲੇ ਗੀਤ ਸੁਰ
ਕੰਧਾਂ ਨਾ ਪੁੱਛਦੀਆਂ
ਕਿ ਕੀ ਖਾ ਕੇ ਸੁੱਤਾ ਸੀ ਅੱਧੀ ਰਾਤੇ
ਪਿੰਡੀਂ ਮਾਵਾਂ ਦੇ ਹੌਲ ਉੱਠਦੇ
ਬਾਪੂ ਨੂੰ ਨਾ ਕੁਝ ਦੱਸਦੀਆਂ
ਕਿਉਂ ਕੁੱਖਾਂ ਹਨ ਰੋਂਦੀਆਂ
ਕਿਉਂ ਹੱਥੀ ਤੋਰ ਚੰਦ ਕੰਧਾਂ ਚੋਂਦੀਆਂ
ਇਹ ਸਭ ਕੁੱਝ
ਸਾਡੇ ਸਮਿਆਂ ਨਾਲ ਹੋਇਆ
ਕੁਝ ਤਾਂ ਸੂਰਜ ਕਬਰੀਂ ਟੁਰ ਗਏ
ਨਾਲ ਹੀ ਟੁਰ ਗਈਆਂ ਮਾਵਾਂ
ਰਹਿ ਗਏ ਸਨ ਜੋ ਤਾਰੇ ਗਿਣਦੇ
ਵੇਚ ਕੇ ਆ ਗਏ ਥਾਵਾਂ
ਹੱਥਾਂ 'ਚ ਖਿਡਾਏ ਚਾਵਾਂ ਦੇ
ਅੰਬਰ ਮੇਚਦੇ ਨਾ ਰਹੇ
ਲੋਅ ਨਾ ਮੇਚਦੀ ਰਹੀ ਚੰਨ ਸੂਰਜਾਂ ਦੀ
ਸੜਕ 'ਤੇ ਫਿਰਦੇ ਸਨ ਦੋ ਜਹਾਨ
ਪਿੰਡੀਂ ਸ਼ਹਿਰੀਂ ਬਚੇ ਰਹਿ ਗਏ
ਜਿੰਦਰੇ ਲਾ ਆ ਗਏ ਘਰ ਬਣੇ ਮਕਾਨ
ਮਕਾਨਾਂ ਚ ਕਿੱਥੇ ਆਉਂਦੀ ਹੈ ਨੀਂਦ
ਹਿੱਕ ਨਾਲ ਬਿਨਾ ਚੰਨ ਲਾ ਕੇ
ਖਬਰੇ ਕਿੰਜ ਸੌਂ ਜਾਂਦੀਆਂ ਨੇ ਰੁੱਤਾਂ
ਕੋਈ ਤਾਂ ਦੱਸੇ?
ਹੱਥਾਂ 'ਚ ਨਾਨਕ ਸ਼ਬਦ ਰਹਿ ਗਿਆ ਹੈ ਬਚਿਆ
ਜਾਂ ਸ਼ਬਦ ਬਦਲਦਾ ਹੈ ਉਦਾਸ ਪਲਾਂ 'ਚ
ਧਰਤ ਸੂਰਜ ਨੂੰ ਛੱਡ ਕੇ ਚਲਾ ਗਿਆ ਹੈ
ਕੋਈ ਗੁਰੂ ਦੁਆਰੇ ਅੱਖਾਂ ਦਾ ਧਰੂ ਤਾਰਾ
ਅਜੇ ਆਇਆ ਨਹੀਂ ਲੈਣ
ਨਾ ਹੀ ਉਹਨਾਂ ਦੀ ਉਡੀਕ 'ਚ
ਹੁਣ ਕੋਈ ਘਰ ਬੈਠਾ ਹੈ
ਘਰਾਂ ਨੂੰ ਮਕਾਨ ਬਣਾ ਲਿਆ ਹੈ
ਆਪਣੇ ਹੱਥੀਂ ਲਕੀਰਾਂ ਨੇ
ਮੱਥਿਆਂ 'ਚ ਬਚੀਆਂ ਮਰਦੀਆਂ ਤਕਦੀਰਾਂ ਨੇ
ਘਰਾਂ ਨੂੰ ਉਜਾੜਦਿਆਂ ਫ਼ਕੀਰਾਂ ਨੇ
ਏਡੇ ਏਡੇ ਵੱਡੇ ਸ਼ਾਹ ਦਿਲ ਅਮੀਰਾਂ ਨੇ
ਸੀਨਿਆਂ ਨੂੰ ਆਪ ਹੀ ਝਰੀਟਦਿਆਂ ਕਰੀਰਾਂ ਨੇ