ਕਹਿਣ ਨੂੰ ਤਾਂ ਤੁਸੀਂ
ਇਹ ਘਰ ਬਣਾਇਆ ਹੈ
ਮੌਸਮਾਂ ਦੇ ਕਹਿਰ ਤੋਂ
ਕੜਕਦੀ ਧੁੱਪ ਜਾਂ ਸੀਤ ਲਹਿਰ ਤੋਂ
ਮੇਰੇ ਜਿਸਮ ਨੂੰ ਬਚਾਉਣ ਲਈ।
ਇਸ ਵਿਚ ਨਿਕ ਸੁਕ ਟਿਕਾਇਆ ਹੈ
ਮੇਰੇ ਆਰਾਮ ਲਈ
ਥੱਕ ਕੇ ਆਵਾਂ ਤਾਂ ਮੇਰੇ ਸਸਤੌਣ ਲਈ।
ਪਰ ਜੇ ਮੈਂ ਆਪ ਹੀ
ਕਰੀਨੇ ਨਾਲ ਸਜੇ ਹੋਏ
ਨਿਕ ਸੁਕ ਦਾ ਹਿੱਸਾ ਬਣ ਜਾਵਾਂ
ਜੇ ਮੇਰਾ ਦਮ ਘੁੱਟੇ
ਜੇ ਮੈਨੂੰ ਇਸ ਵਿਚ ਨਜ਼ਰਬੰਦ ਹੋਣ ਦਾ ਅਹਿਸਾਸ ਹੋਵੇ
ਮੈਨੂੰ ਭਾਲਦੀ ਸੱਜਰੀ ਰੁਮਕਦੀ ਪੌਣ ਪਰਤ ਜਾਵੇ
ਅੰਦਰੋਂ ਬੰਦ ਬੂਹੇ ਨੂੰ ਬਾਹਰੋਂ ਪਲੋਸ ਕੇ
ਕੋਸੀ ਧੁੱਪ ਢਲ ਜਾਵੇ
ਗੂੜ੍ਹੇ ਰੰਗਾਂ ਦੇ ਪਰਦਿਆਂ ਨੂੰ ਕੋਸਕੇ
ਕਦੀ ਕਦੀ ਖੂੰਜੇ ਲਗ ਕੇ
ਤੱਤੇ ਅੱਥਰੂ ਨਾ ਕੇਰਾਂ
ਠੰਢੇ ਹੋਕੇ ਨਾ ਭਰਾਂ
ਤਾਂ ਤੁਸੀਂ ਆਪ ਹੀ ਦੱਸੋ
ਮੈਂ ਕੀ ਕਰਾਂ?
ਕਹਿਣ ਨੂੰ ਤਾਂ ਤੁਸੀਂ
ਇਹ ਵਸਤਰ ਸਿਲਵਾਏ ਨੇ
ਮੇਰੇ ਜਿਸਮ ਨੂੰ ਕੱਜਣ ਲਈ
ਇਸ ਉੱਤੇ ਫੱਬਣ ਲਈ
ਪਰ ਜੇ ਇਹ ਵਸਤਰ ਮੈਨੂੰ ਹੀ ਹੰਢਾਣ ਲਗ ਜਾਣ
ਤੇ ਹੁਕਮ ਹੋਵੇ
ਕਿ ਆਪਣਾ ਜਿਸਮ ਇਹਨਾਂ ਰੈਡੀਮੈਡ ਵਸਤਰਾਂ ਦੇ
ਮੇਚ ਦਾ ਰੱਖਾਂ
ਇਸ ਹਾਲਤ ਵਿਚ
ਜੇ ਇਹਨਾਂ ਨੂੰ ਪਹਿਨਣ ਤੋਂ ਨਾ ਡਰਾ
ਤਾਂ ਤੁਸੀਂ ਆਪ ਹੀ ਦਸੋ
ਮੈਂ ਕੀ ਕਰਾਂ ?